ਮਕਸੂਦਾਂ, 18 ਅਪ੍ਰੈਲ (ਸੌਰਵ ਮਹਿਤਾ)-ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਪੀਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ | ਮੁਲਜ਼ਮ ਕੋਲੋਂ ਨਸ਼ੇ ਵਾਲਾ ਪਦਾਰਥ ਤੇ ਉਸ ਦੀ ਵਰਤੋਂ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੀ ਵੀ ਬਰਾਮਦਗੀ ਹੋਈ ਹੈ | ਜਾਣਕਾਰੀ ਮੁਤਾਬਿਕ ਥਾਣਾ ਡਿਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚੌਧਰੀ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ਵਿਚ ਰੁਟੀਨ ਗਸ਼ਤ 'ਤੇ ਸੀ | ਜਦੋਂ ਟੀਮ ਥ੍ਰੀ ਸਟਾਰ ਕਾਲੋਨੀ ਨੇੜੇ ਪਹੁੰਚੀ ਤਾਂ ਇਕ ਸੁੰਨੇ ਪਲਾਟ ਵਿਚ ਸ਼ੱਕੀ ਹਾਲਤ 'ਚ ਬੈਠੇ ਨੌਜਵਾਨ 'ਤੇ ਨਜ਼ਰ ਪਈ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਉਸ ਕੋਲੋਂ ਹੈਰੋਇਨ ਤੇ ਨਸ਼ਾ ਕਰਨ ਲਈ ਵਰਤੇ ਜਾਂਦੇ ਸਾਜੋ-ਸਾਮਾਨ ਬਰਾਮਦ ਹੋਏ | ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਹਿਚਾਣ ਕਿ੍ਸ਼ਨਾ ਕੁਮਾਰ ਉਰਫ਼ ਕੀਸ਼ੂ ਪੁੱਤਰ ਰਵੀ ਕੁਮਾਰ ਵਾਸੀ ਅਮਨ ਨਗਰ ਵਜੋਂ ਦੱਸੀ | ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |