ਜਲੰਧਰ, 20 ਅਪ੍ਰੈਲ (ਸ਼ਿਵ)-ਨਗਰ ਨਿਗਮ ਜਲੰਧਰ (ਐਮ.ਸੀ.ਜੇ.) ਵਲੋਂ ਸੋਮਵਾਰ ਨੂੰ ਆਗਾਮੀ ਆਮ ਜਨਗਣਨਾ 2026 ਲਈ ਨਿਯੁਕਤ ਕੀਤੇ ਗਏ ਗਣਨਾ ਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ | ਇਹ ਸਿਖਲਾਈ ਸੰਦੀਪ ਰਿਸ਼ੀ ਆਈ.ਏ.ਐਸ., ਪਿ੍ੰਸੀਪਲ ਜਨਗਣਨਾ ਅਧਿਕਾਰੀ-ਕਮ-ਕਮਿਸ਼ਨਰ ਨਗਰ ਨਿਗਮ ਜਲੰਧਰ ਦੀ ਨਿਗਰਾਨੀ ਹੇਠ ਕਰਵਾਈ ਗਈ | ਗਰੁੱਪ-1 ਦੇ ਸਿਖਲਾਈ ਸੈਸ਼ਨ ਸ਼ਹਿਰ ਦੇ ਛੇ ਵੱਖ-ਵੱਖ ਸਕੂਲਾਂ ਸ੍ਰੀ ਪਾਰਵਤੀ ਜੈਨ ਕੋ-ਐਡ ਸੀਨੀਅਰ ਸੈਕੰਡਰੀ ਸਕੂਲ, ਵਿਜੇ ਨਗਰ, ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਈ ਦਾਸ ਏ.ਐਸ. ਸੀਨੀਅਰ ਸੈਕੰਡਰੀ ਸਕੂਲ, ਜੀ.ਜੀ.ਐੱਸ. ਨਹਿਰੂ ਗਾਰਡਨ, ਐਮ.ਜੀ.ਐਨ. ਆਦਰਸ਼ ਨਗਰ ਅਤੇ ਜੀ.ਐਸ.ਐਸ. ਗੜਾ 'ਚ ਕਰਵਾਏ ਗਏ, ਜਿੱਥੇ 10 ਬੈਂਚਾਂ ਵਿਚ ਕੁੱਲ 500 ਭਾਗੀਦਾਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਡਿਜੀਟਲ ਐਪਲੀਕੇਸ਼ਨਾਂ ਦੀ ਵਰਤੋਂ, ਡਾਟਾ ਦੀ ਸ਼ੁੱਧਤਾ ਅਤੇ ਗੁਣਵੱਤਾ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ | ਐਮ.ਸੀ.ਜੇ. ਅਧੀਨ ਚਾਰ ਚਾਰਜ ਅਫ਼ਸਰ ਹਨ, ਜਿਨ੍ਹਾਂ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਜਨਗਣਨਾ ਲਈ ਬਲਾਕਾਂ ਵਿਚ ਵੰਡਿਆ ਗਿਆ ਹੈ | ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਘਰ-ਸੂਚੀਕਰਨ ਅਤੇ ਜਨਸੰਖਿਆ ਗਣਨਾ ਦੇ ਪੜਾਵਾਂ ਦੌਰਾਨ ਗਲਤੀ-ਰਹਿਤ ਅਤੇ ਪਾਰਦਰਸ਼ੀ ਡਾਟਾ ਇਕੱਤਰ ਕਰਨਾ ਯਕੀਨੀ ਬਣਾਉਣਾ ਹੈ | ਡਾ. ਸੁਮਨਦੀਪ ਕੌਰ ਸਿਟੀ ਜਨਗਣਨਾ ਅਫ਼ਸਰ-ਕਮ-ਸੰਯੁਕਤ ਕਮਿਸ਼ਨਰ, ਐਮ.ਸੀ.ਜੇ., ਨੇ ਸਿਖਲਾਈ ਦੀ ਨਿਗਰਾਨੀ ਕੀਤੀ ਅਤੇ ਸਹੀ ਜਨਗਣਨਾ ਡਾਟਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਭਲਾਈ ਸਕੀਮਾਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸ਼ਹਿਰ ਲਈ ਸਰੋਤਾਂ ਦੀ ਵੰਡ ਦੀ ਯੋਜਨਾਬੰਦੀ ਦਾ ਆਧਾਰ ਬਣਦਾ ਹੈ | ਪਿ੍ੰਸੀਪਲ ਜਨਗਣਨਾ ਅਧਿਕਾਰੀ ਸੰਦੀਪ ਰਿਸ਼ੀ, ਆਈ.ਏ.ਐੱਸ. ਨੇ ਕਿਹਾ ਕਿ ਗੈਰ-ਹਾਜ਼ਰ ਰਹਿਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਿਟੀ ਜਨਗਣਨਾ ਅਫ਼ਸਰ ਡਾ. ਸੁਮਨਦੀਪ ਕੌਰ ਨੇ ਦੱਸਿਆ ਕਿ ਗੈਰ-ਹਾਜ਼ਰ ਪਾਏ ਗਏ ਗਣਨਾ ਕਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ |