ਜਲੰਧਰ, 21 ਅਪ੍ਰੈਲ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਨੇ ਪਿਛਲੇ ਸਮੇਂ 'ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫੜੀ ਗਈ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਖੇਪ ਨਸ਼ਟ ਕੀਤੀ ਹੈ | ਇਹ ਕਾਰਵਾਈ ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਜੈਅੰਤ ਪੁਰੀ ਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ | ਇਸ ਸੰਬੰਧੀ ਸੀ. ਪੀ. ਧੰਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਜਾਰੀ ਮੁਹਿੰਮ ਤਹਿਤ ਕਾਰਵਾਈ ਦੌਰਾਨ ਤੇ ਮੁਲਜ਼ਮਾਂ ਕੋਲੋਂ ਕੀਤੀ ਗਈ ਬਰਾਮਦਗੀ ਮੌਕੇ ਜ਼ਬਤ ਕੀਤੀ ਗਈ ਸੀ | ਇਸ ਖੇਪ ਨੂੰ ਪਿੰਡ ਰਾਓਵਾਲੀ ਸਥਿਤ ਏ. ਬੀ. ਐੱਸ. ਫੂਡ ਐਂਡ ਬੇਵਰੀਜਿਜ਼ ਵਿਖੇ ਸਖ਼ਤ ਨਿਗਰਾਨੀ ਤੇ ਪਾਰਦਰਸ਼ੀ ਢੰਗ ਨਾਲ ਡਰੱਗ ਡਿਸਪੋਜ਼ਲ ਕਮੇਟੀ ਵਲੋਂ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਉਪਰੰਤ ਨਸ਼ਟ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਖੇਪ 'ਚ 67 ਕਿੱਲੋ 900 ਗ੍ਰਾਮ ਭੁੱਕੀ, 3 ਕਿੱਲੋ 820 ਗ੍ਰਾਮ ਹੈਰੋਇਨ, 60 ਪਾਬੰਦੀਸ਼ੁਦਾ ਗੋਲੀਆਂ ਤੇ 1830 ਕੈਪਸੂਲ, 150 ਗ੍ਰਾਮ ਗਾਂਜਾ, 45 ਗ੍ਰਾਮ ਨਸ਼ੀਲਾ ਪਾਊਡਰ 16 ਗ੍ਰਾਮ ਸਮੈਕ ਸ਼ਾਮਿਲ ਸੀ | ਸੀ. ਪੀ. ਧੰਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਭਵਿੱਖ 'ਚ ਮੁੜ ਗਲਤ ਢੰਗ ਨਾਲ ਇਸਤੇਮਾਲ ਨਾ ਕੀਤੇ ਜਾ ਸਕਣ | ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਨਸ਼ਿਆਂ 'ਚ ਜੜ੍ਹੋਂ ਖਤਮ ਕਰਨ ਲਈ ਵਚਨਬੱਧ ਹੈ ਤੇ ਨਸ਼ਾ ਵਿਰੋਧੀ ਕਾਰਵਾਈਆਂ ਭਵਿੱਖ 'ਚ ਹੋਰ ਤੇਜ਼ੀ ਨਾਲ ਜਾਰੀ ਰਹਿਣਗੀਆਂ ਤਾਂ ਜੋ ਮਹਾਨਗਰ ਨੂੰ ਨਸ਼ਾਮੁਕਤ ਤੇ ਸੁਰੱਖਿਅਤ ਬਣਾਇਆ ਜਾ ਸਕੇ |