ਜਲੰਧਰ, 21 ਅਪ੍ਰੈਲ (ਪਵਨ ਖਰਬੰਦਾ)-ਏ.ਪੀ.ਜੇ. ਸਕੂਲ ਹੁਸ਼ਿਆਰਪੁਰ ਰੋਡ ਜਲੰਧਰ 'ਚ ਵਿਸ਼ਵ ਧਰਤੀ ਦਿਵਸ ਤੇ ਵਿਸ਼ਵ ਕਿਤਾਬ ਦਿਵਸ ਮਨਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਏ. ਕੇ. ਸ਼ਰਮਾ ਤੇ ਵਾਈਸ ਪਿ੍ੰਸੀਪਲ ਲਵਲੀਨ ਬੱਗਾ ਦੀ ਅਗਵਾਈ 'ਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ | ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆਂ ਨੇ ਇਕ ਗੀਤ ਰਾਹੀਂ ਧਰਤੀ ਮਾਂ ਲਈ ਆਪਣਾ ਪਿਆਰ ਪ੍ਰਗਟ ਕੀਤਾ ਅਤੇ ਸਾਰਿਆਂ ਨੂੰ ਧਰਤੀ ਦੀ ਸੁਰੱਖਿਆ ਲਈ ਪ੍ਰੇਰਿਤ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਧਰਤੀ ਦਿਵਸ ਤੇ ਕਿਤਾਬ ਦਿਵਸ ਦੇ ਸੰਬੰਧ ਵਿਚ ਵਿਚਾਰ ਤੇ ਭਾਸ਼ਨ ਪੇਸ਼ ਕੀਤੇ | ਧਰਤੀ ਦੀ ਕਹਾਣੀ ਕਹਿੰਦੀ ਹੋਈ ਇਕ ਵੀਡੀਓ ਵਿਦਿਆਰਥੀਆਂ ਨੂੰ ਦਿਖਾਈ ਗਈ | ਇਸ ਮੌਕੇ ਤੀਜੀ ਜਮਾਤ ਲਈ ਬੁੱਕ ਮਾਰਕ, ਚੌਥੀ ਤੇ ਪੰਜਵੀਂ ਲਈ ਸਲੋਗਨ ਲਿਖਣ, ਛੇਵੀਂ ਲਈ ਪੋਸਟਰ ਬਣਾਉਣ ਅਤੇ ਸੱਤਵੀਂ ਅੱਠਵੀਂ ਲਈ ਪੇਪਰ ਬੈਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਸਕੂਲ ਦੇ ਪਿ੍ੰਸੀਪਲ ਏ. ਕੇ. ਸ਼ਰਮਾ. ਨੇ ਜਲ ਤੇ ਧਰਤੀ ਨੂੰ ਸੁਰਖਿਅਤ ਰੱਖਣ ਲਈ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ |