ਜਲੰਧਰ, 21 ਅਪ੍ਰੈਲ (ਐੱਮ. ਐੱਸ. ਲੋਹੀਆ) - ਇੰਡੀਅਨ ਐਸੋਸੀਏਸ਼ਨ ਆਫ਼ ਆਰਥੋਪੀਡਿਕ ਸਰਜਨਜ਼ ਵਲੋਂ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਈ ਗਈ 5ਵੀਂ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਤੋਂ ਆਏ ਪ੍ਰਸਿੱਧ ਆਰਥੋਪੀਡਿਕ ਮਾਹਿਰਾਂ ਨੇ ਹਿੱਸਾ ਲਿਆ | ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਭਾਗ ਲੈਣ ਪਹੁੰਚੇ ਐਸੋਸੀਏਸ਼ਨ ਦੇ ਐਗਜੈਕਟਿਵ ਮੈਂਬਰ ਡਾ. ਸਤਪਾਲ ਗੁਪਤਾ ਨੇ ਆਧੁਨਿਕ ਇਲਾਜ ਦੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਆਧੁਨਿਕ ਮੈਡੀਕਲ ਖ਼ੇਤਰ 'ਚ ਹੁਣ ਅਜਿਹੀਆਂ ਤਕਨੀਕਾਂ ਉਪਲਬਧ ਹਨ, ਜਿਨ੍ਹਾਂ ਨਾਲ ਟੁੱਟੀਆਂ ਹੱਡੀਆਂ ਦਾ ਇਲਾਜ ਬਿਨਾਂ ਵੱਡੀ ਚੀਰਫਾੜ, ਪਲੇਟਾਂ ਜਾਂ ਸਕਰਿਊ ਲਗਾਏ ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਮੀਰੋਜ ਤਕਨੀਕ ਰਾਹੀਂ ਟੁੱਟੀ ਹੱਡੀ ਨੂੰ ਕੁਝ ਘੰਟਿਆਂ 'ਚ ਹੀ ਜੋੜਿਆ ਜਾ ਸਕਦਾ ਹੈ ਅਤੇ ਮਰੀਜ਼ ਅਗਲੇ ਦਿਨ ਹੀ ਚੱਲਣ-ਫਿਰਣ ਦੇ ਯੋਗ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵੱਡੀ ਉਮਰ ਦੇ ਉਹ ਮਰੀਜ਼, ਜਿਨ੍ਹਾਂ ਦਾ ਆਪ੍ਰੇਸ਼ਨ ਕਰਨਾ ਸੰਭਵ ਨਹੀਂ ਹੁੰਦਾ, ਉਨ੍ਹਾਂ ਦੀਆਂ ਟੁੱਟੀਆਂ ਹੱਡੀਆਂ ਦਾ ਇਲਾਜ ਵੀ ਹੁਣ ਬਿਨਾਂ ਸਰਜਰੀ ਦੇ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜਲਦੀ ਰਾਹਤ ਮਿਲਦੀ ਹੈ | ਉਨ੍ਹਾਂ ਨੇ ਦੱਸਿਆ ਕਿ ਓਜ਼ੋਨ ਥਰੈਪੀ ਵੀ ਇਕ ਮਹੱਤਵਪੂਰਨ ਤਕਨੀਕ ਹੈ, ਜਿਸ ਨਾਲ ਖ਼ਾਸ ਕਰਕੇ ਸ਼ੂਗਰ ਪੀੜਤ ਮਰੀਜ਼ਾਂ ਦੇ ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖ਼ਮ ਜਲਦੀ ਠੀਕ ਕੀਤੇ ਜਾ ਸਕਦੇ ਹਨ |