ਜਲੰਧਰ, 21 ਅਪ੍ਰੈਲ (ਜਤਿੰਦਰ ਪੰਮੀ)- ਦ ਇੰਸਟੀਟਿਊਟ ਆਫ ਇੰਡੀਅਨ ਫਾਊਾਡਰੀਮੈਨ (ਆਈ.ਆਈ. ਐੱਫ) ਦੇ ਚੰਡੀਗੜ੍ਹ ਚੈਪਟਰ ਵਲੋਂ ਨਾਰਦਰਨ ਰੀਜਨ, ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਅਤੇ ਜਲੰਧਰ ਆਟੋ ਪਾਰਟਸ ਮੈਨਿਊਫੈਕਚਰਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਐੱਮ. ਐੱਸ. ਐੱਮ. ਈ. ਨੂੰ ਦਰਪੇਸ਼ ਚੁਣੌਤੀਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਕੀਤੀ | ਇਸ ਤੋਂ ਇਲਾਵਾ ਮੌਜੂਦਾ ਸਿਆਸੀ ਹਾਲਾਤ ਦੇ ਸੰਦਰਭ ਵਿੱਚ ਉਦਯੋਗ ਨਾਲ ਜੁੜੇ ਮਸਲਿਆਂ 'ਤੇ ਵੀ ਖਾਸ ਚਰਚਾ ਕੀਤੀ ਗਈ | ਪ੍ਰੋਗਰਾਮ ਦੌਰਾਨ ਆਈ. ਆਈ. ਐੱਫ ਦੇ ਰਾਸ਼ਟਰੀ ਪ੍ਰਧਾਨ ਸੁਸ਼ੀਲ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਯੁਤ ਭਾਮਾਵਤ ਆਨਰੇਰੀ ਸਕੱਤਰ ਤੇ ਸੰਜੀਵ ਕੁਮਾਰ ਨਿਰਦੇਸ਼ਕ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਸੰਜੀਵ ਜੁਨੇਜਾ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਫਾਊਾਡਰੀ ਉਦਯੋਗ 'ਤੇ ਪੈ ਰਹੇ ਦਬਾਅ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਲਾਜ਼ਮੀ ਬੀ. ਆਈ. ਐੱਸ. ਪਾਲਣਾ ਨੂੰ ਉਦਯੋਗ 'ਤੇ ਵਾਧੂ ਬੋਝ ਕਰਾਰ ਦਿੰਦਿਆਂ ਕਿਹਾ ਕਿ ਹੋਰ ਖੇਤਰਾਂ ਨੂੰ ਦਿੱਤੀ ਗਈ ਰਾਹਤ ਵਾਂਗ ਇਸ ਸੈਕਟਰ ਨੂੰ ਵੀ ਛੋਟ ਮਿਲਣੀ ਚਾਹੀਦੀ ਹੈ | ਨਾਰਦਰਨ ਰੀਜਨ ਦੇ ਚੇਅਰਮੈਨ ਬਲਰਾਮ ਕਪੂਰ ਨੇ ਕਿਹਾ ਕਿ ਇਹ ਰਸਮੀ ਪ੍ਰੋਗਰਾਮ ਨਹੀਂ, ਸਗੋਂ ਐਸਾ ਮੰਚ ਹੈ ਜਿੱਥੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਸਮੱਸਿਆਵਾਂ 'ਤੇ ਚਰਚਾ ਕੀਤੀ ਜਾਂਦੀ ਹੈ ਅਤੇ ਸਾਂਝੇ ਹੱਲ ਲੱਭੇ ਜਾਂਦੇ ਹਨ | ਮੁੱਖ ਮਹਿਮਾਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਆਈ. ਆਈ. ਐੱਫ. ਫਾਊਾਡਰੀ ਉਦਯੋਗ ਦੀ ਸਿਰਮੌਰ ਸੰਸਥਾ ਵਜੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਇਸ ਦੇ ਵਿਕਾਸ ਤੇ ਕਾਰੋਬਾਰ ਦੇ ਵਿਸਥਾਰ ਵਿੱਚ ਸਹਿਯੋਗ ਦੇ ਰਹੀ ਹੈ | ਪ੍ਰਯੁਤ ਭਾਮਾਵਤ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਮੈਂਬਰਾਂ ਨੇ ਆਪਣੀਆਂ ਸਮੱਸਿਆਵਾਂ, ਸੁਝਾਅ ਅਤੇ ਉਮੀਦਾਂ ਦਾ ਪ੍ਰਗਟਾਵਾ ਕੀਤਾ | ਅੰਤ ਵਿੱਚ ਚੰਡੀਗੜ੍ਹ ਚੈਪਟਰ ਦੇ ਆਨਰੇਰੀ ਸਕੱਤਰ ਮਨੀਸ਼ ਕਵਾਤੜਾ ਨੇ ਧੰਨਵਾਦ ਕੀਤਾ | ਮੀਟਿੰਗ ਵਿੱਚ ਜਸਜੀਤ ਸਿੰਘ ਬੇਦੀ, ਅਖਿਲ ਕਪੂਰ, ਵਿਸ਼ਾਲ ਗੌਤਮ, ਗੁਰਿੰਦਰ ਦਿਲਾਵਰੀ, ਮਾਨਵ ਅਗਰਵਾਲ, ਪੀ.ਸੀ. ਮੈਤੀ, ਕੰਵਲਜੀਤ ਸਿੰਘ, ਵਿਵੇਕ ਰਾਠੌਰ, ਰਾਜੀਵ ਗੁਪਤਾ, ਡਾ. ਸੁਕਾਂਤ ਵਰਮਾ, ਐਡਵੋਕੇਟ ਵਰਿੰਦਰ ਸਚਦੇਵਾ, ਅਤਿਨ ਚੋਪੜਾ, ਗੌਰਵ ਚੋਪੜਾ, ਸੰਜੇ ਖੰਨਾ, ਅਮਿ੍ਤਪਾਲ, ਅਮਿਤ ਕੁਕਰੇਜਾ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਸਮਰ ਵਿਜੈ ਸਿੰਘ, ਅਸ਼ੋਕ ਸਚਦੇਵ, ਓਪਿੰਦਰ ਸਿੰਘ, ਹਰਦੀਪ, ਬਲਬੀਰ ਸਿੰਘ ਉਭੀ, ਰਿਸ਼ਭ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਰਹੇ |