ਜਲੰਧਰ, 2 ਮਈ (ਐੱਮ. ਐੱਸ. ਲੋਹੀਆ) - ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਪੈਰਾਮੈਡੀਕਲ ਸਟਾਫ਼ ਵੈਲਫੇਅਰ ਐਸੋਸੀਏਸ਼ਨ, ਜਲੰਧਰ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਨਰਸਾਂ, ਲੈਬ ਟੈਕਨੀਸ਼ੀਅਨਾਂ, ਐਕਸ-ਰੇ ਟੈਕਨੀਸ਼ੀਅਨਾਂ, ਓ.ਟੀ. ਟੈਕਨੀਸ਼ੀਅਨਾਂ ਅਤੇ ਫਾਰਮਾਸਿਸਟਾਂ ਦੇ ਹੱਕਾਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੈਰਾਮੈਡੀਕਲ ਸਟਾਫ਼ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ, ਪਰ ਉਨ੍ਹਾਂ ਦੀਆਂ ਘਟੋ-ਘੱਟ ਤਨਖਾਹਾਂ ਮਹਿੰਗਾਈ ਦੇ ਅਨੁਸਾਰ ਨਹੀਂ ਹਨ | ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਕਾਰਨ ਇਹ ਕਰਮਚਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਰਕਾਰ ਵਲੋਂ ਇਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਘਟੋ-ਘੱਟ ਵੇਤਨ ਨੂੰ ਮਹਿੰਗਾਈ ਨਾਲ ਜੋੜਿਆ ਜਾਵੇ ਅਤੇ ਤੁਰੰਤ ਵਾਧਾ ਕੀਤਾ ਜਾਵੇ | ਇਸ ਦੇ ਨਾਲ ਹੀ, ਨਿੱਜੀ ਨਰਸਿੰਗ ਕਲੀਨਿਕਾਂ, ਲੈਬੋਰਟਰੀਆਂ ਅਤੇ ਫਾਰਮੇਸੀ ਖੇਤਰ 'ਚ ਕੰਮ ਕਰਦੇ ਕਰਮਚਾਰੀਆਂ ਲਈ ਈ.ਐੱਸ.ਆਈ. ਅਤੇ ਈ.ਪੀ.ਐਫ਼.ਓ. ਵਰਗੀਆਂ ਸਮਾਜਿਕ ਸੁਰੱਖਿਆ ਸਕੀਮਾਂ ਲਾਗੂ ਕਰਨ ਲਈ ਢੰਗ ਦੇ ਇੰਤਜ਼ਾਮ ਕੀਤੇ ਜਾਣ | ਇਸ ਮੌਕੇ ਤਰਸੇਮ ਮਸੀਹ ਕਾਹਨੂੰਵਾਨ (ਪ੍ਰਧਾਨ), ਨਵਜੀਤ ਸਿੰਘ ਕਾਲੀਆ (ਚੇਅਰਮੈਨ), ਸਾਈਮਨ ਵਿਲਸਨ (ਜਨਰਲ ਸਕੱਤਰ), ਇਮੈਨੂਅਲ ਮਸੀਹ (ਵਾਈਸ ਪ੍ਰਧਾਨ), ਭਾਰਤ ਭੂਸ਼ਣ (ਕੈਸ਼ੀਅਰ), ਪ੍ਰੇਮ ਮਸੀਹ, ਅਨਿਲ ਮਸੀਹ ਅਤੇ ਹੋਰ ਹਾਜ਼ਰ ਸਨ |