ਗੁਰਾਇਆ, 8 ਮਈ (ਚਰਨਜੀਤ ਸਿੰਘ ਦੁਸਾਂਝ)-ਬਲਾਕ ਖੇਤੀਬਾੜੀ ਦਫ਼ਤਰ, ਰੁੜਕਾ ਕਲਾਂ ਵਲੋ ਆਤਮਾ ਸਕੀਮ ਆਧੀਨ ਮੁੱਖ ਖੇਤੀਬਾੜੀ ਅਫ਼ਸਰ, ਡਾ ਜਸਵਿੰਦਰ ਸਿੰਘ, ਜੀ ਦੀ ਯੋਗ ਅਗਵਾਈ ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵਲੋ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਉੱਪਰ ਖਾਦ ਦੀ ਵਰਤੋਂ ਕਰਨ ਲਈ ਕਿਹਾ ਗਿਆ ਤਾਂ ਕਿ ਘੱਟ ਖਰਚੇ ਨਾਲ ਵੱਧ ਉਤਪਾਦਨ ਲਿਆ ਜਾ ਸਕੇ | ਡਾ. ਸੰਜੀਵ ਕੁਮਾਰ ਡਿਪਟੀ ਡਾਇਰੈਕਟਰ ਕੇ ਵੀ ਕੇ ਨੂਰਮਹਿਲ ਵਲੋ ਝੋਨੇ ਉੱਪਰ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਸੰਬੰਧੀ ਜਾਗਰੂਕ ਕੀਤਾ ਗਿਆ | ਡਾ. ਪ੍ਰਭਜੀਤ ਕੌਰ ਫ਼ਸਲ ਵਿਗਿਆਨੀ ਵਲੋ ਝੋਨੇ ਵਿੱਚ ਪੱਤਾ ਰੰਗ ਚਾਰਟ ਦੀ ਵਰਤੋਂ ਵਾਰੇ ਦੱਸਿਆ | ਕੀਟ ਵਿਗਿਆਨੀ ਡਾ ਹਰਵਿੰਦਰ ਸਿੰਘ ਵਲੋ ਝੋਨੇ ਦੇ ਮਧਰੇ ਰੋਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਿਮਾਰੀ 2022 'ਚ ਨੋਟਿਸ ਕੀਤੀ ਗਈ ਸੀ ਅਤੇ ਵਾਇਰਸ ਕਰ ਕੇ ਇਹ ਰੋਗ ਬੁਟਿਆ ਵਿਚ ਹੁੰਦਾ ਹੈ | ਇਸ ਬਿਮਾਰੀ ਨੂੰ ਫਿਲਾਉਣ ਦਾ ਕੰਮ ਚਿੱਟੀ ਪਿੱਠ ਵਾਲਾ ਟਿੱਡਾ ਕਰਦਾ ਹੈ | ਸੋ ਕਿਸਾਨ ਵੀਰ ਟਿੱਡੇ ਦੀ ਸਿਫਾਰਿਸ਼ਸ਼ੁਦਾ ਦਵਾਈ ਦੀ ਸਪਰੇਅ ਕਰ ਕੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਨ | ਡਾ. ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵਲੋ ਝੋਨੇ ਵਿੱਚ ਜ਼ਿੰਕ ਅਤੇ ਲੋਹੇ ਦੀ ਘਾਟ ਦੀ ਨਿਸ਼ਾਨਿਆਂ ਬਾਰੇ ਦੱਸਿਆ ਗਿਆ | ਮਾਰਕੀਟਿੰਗ ਸੈਕਸ਼ਨ ਜਲੰਧਰ ਤੋ ਆਏ ਵਲੋ ਡਾ ਗੁਰਪ੍ਰੀਤ ਸਿੰਘ ਵਲੋ ਫ਼ਸਲਾ ਦੇ ਸੁੱਚਜੇ ਮੰਡੀਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ. ਸੁਖਚੈਨ ਸਿੰਘ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੇ ਕੰਟਰੋਲ ਕਰਨ ਦੇ ਨੁਕਤੇ ਸਾਂਝੇ ਕੀਤੇ ਗਏ | ਡਾ. ਅਨੀਸ਼ ਚੰਦਰ ਵਲੋ ਫ਼ਸਲੀ ਵਿਭੰਨਤਾ ਆਧੀਨ ਮੱਕੀ ਲਗਾਉਣ ਲਈ ਉਤਸ਼ਾਹਿਤ ਕਰਦੇ ਕਿਹਾ ਕਿ ਸਰਕਾਰ ਵਲੋਂ 17500- ਰੁਪੇ ਪ੍ਰਤੀ ਹੈਕਟੇਅਰ ਕਿਸਾਨਾਂ ਨੂੰ ਮੱਕੀ ਉਗਾਉਣ ਲਈ ਦਿੱਤੇ ਜਾ ਰਹੇ ਹਨ | ਅੰਤ ਵਿੱਚ ਡਾ ਰਮਨਦੀਪ ਖੇਤੀਬਾੜੀ ਵਿਕਾਸ ਅਫ਼ਸਰ ਰੁੜਕਾ ਕਲਾਂ ਵਲੋ ਆਏ ਅਫ਼ਸਰਾਂ ਅਤੇ ਕਿਸਾਨਾਂ ਦਾ ਭਾਗ ਲੈਣ ਲਈ ਧੰਨਵਾਦ ਕੀਤਾ ਗਿਆ | ਇਸ ਕੈਂਪ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ | ਕਿਸਾਨਾਂ ਦੁਆਰਾ ਖੇਤੀਬਾੜੀ ਵਿਭਾਗ ਵਲੋ ਦਿੱਤੀ ਜਾਣਕਾਰੀ ਲਈ ਸ਼ਲਾਘਾ ਕਰਦੇ ਹੋਏ ਅੱਗੇ ਵੀ ਇਸ ਤਰਾਂ ਦੇ ਕੈਂਪ ਲਗਾਉਣ ਦੀ ਮੰਗ ਕੀਤੀ |