ਸ਼ਾਹਕੋਟ, 9 ਮਈ (ਸੁਖਦੀਪ ਸਿੰਘ)- ਸ਼ਾਹਕੋਟ ਹਲਕੇ ਦੇ ਪਿੰਡ ਰਾਮੇ ਦੇ ਕਿਸਾਨ ਮਲਕੀਤ ਸਿੰਘ ਦੀ ਫ਼ਸਲ ਹਥਿਆਰਬੰਦ ਵਿਅਕਤੀਆਂ ਦੀ ਮੱਦਦ ਨਾਲ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜੀਤ ਸਿੰਘ ਤੇ ਮਲਕੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਪਿੰਡ ਰਾਮੇ ਨੇ ਸ਼ਾਹਕੋਟ ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ ਸਾਡੀ ਜ਼ਮੀਨ 'ਤੇ ਕੋਰਟ ਵੱਲੋਂ ਸਟੇਅ ਵੀ ਸਾਡੇ ਹੱਕ 'ਚ ਕੀਤਾ ਗਿਆ ਹੈ, ਪਰ ਚੱਕ ਬਾਹਮਣੀਆਂ ਦੀ ਇੱਕ ਔਰਤ ਨੇ ਅੱਧੀ ਦਰਜਨ ਵਿਅਕਤੀਆਂ ਤੇ 14-15 ਹਥਿਆਰਬੰਦ ਵਿਅਕਤੀਆਂ ਦੀ ਮੱਦਦ ਨਾਲ ਅੱਧੀ ਰਾਤ ਟਰੈਕਟਰ ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਸਾਡੀ ਬੀਜੀ ਮੱਕੀ ਤੇ ਮੂੰਗੀ ਦੀ ਫ਼ਸਲ ਵਾਹ ਗਏ, ਜਿਸ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲਲਕਾਰੇ ਮਾਰਦੇ ਸਾਡੀ ਫ਼ਸਲ ਵਾਹ ਕੇ ਫ਼ਰਾਰ ਹੋ ਗਏ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ | ਇਸ ਸੰਬੰਧੀ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਦਿਲਬਾਗ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਸਾਡੇ ਕੋਲ ਜੀਤ ਸਿੰਘ ਤੇ ਮਲਕੀਤ ਸਿੰਘ ਦੀ ਦਰਖ਼ਾਸਤ ਆਈ ਹੈ, ਜਿਸ ਸੰਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਜਲਦ ਹੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ |