ਜਲੰਧਰ, 11 ਮਈ (ਸ਼ਿਵ)-ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਗੱਡੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਕਾਫੀ ਸਮਾਂ ਪਹਿਲਾਂ ਟ੍ਰੈਫਿਕ ਚਲਾਨ ਕੀਤੇ ਗਏ ਸੀ ਪਰ ਉਨ੍ਹਾਂ ਨੇ ਚਲਾਨ ਨਹੀਂ ਭੁਗਤੇ ਹਨ | ਜਿਨ੍ਹਾਂ ਗੱਡੀਆਂ ਨੇ ਅਜੇ ਤੱਕ ਚਲਾਨ ਨਹੀਂ ਭੁਗਤੇ ਹਨ, ਉਨਾਂ ਵਿਚ ਪ੍ਰਾਈਵੇਟ ਬੱਸ ਆਪ੍ਰੇਟਰਾਂ ਤੋਂ ਇਲਾਵਾ, ਚਾਰ ਪਹੀਆ, ਦੋ ਪਹੀਆ ਵਾਹਨਾਂ ਤੋਂ ਇਲਾਵਾ ਹੋਰ ਵੀ ਕਈ ਵਾਹਨ ਸ਼ਾਮਿਲ ਹਨ | ਟਰਾਂਸਪੋਰਟ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਗੱਡੀਆਂ ਦੇ ਮਾਲਕ ਆਪਣੀਆਂ ਗੱਡੀਆਂ ਦੇ ਕੀਤੇ ਗਏ ਚਲਾਨਾਂ ਨੂੰ ਨਹੀਂ ਭੁਗਤਦੇ ਤਾਂ ਉਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ | ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਸਥਾਨਕ ਅਧਿਕਾਰੀਆਂ ਨੂੰ ਇਸ ਬਾਰੇ ਕਾਰਵਾਈ ਕਰਨ ਦੀ ਹਦਾਇਤ ਦੇ ਦਿੱਤੀ ਹੈ | ਆਰ. ਟੀ. ਓ. ਅਤੇ ਸਕੱਤਰ ਆਰ. ਟੀ. ਏ. ਦਾ ਵਾਧੂ ਚਾਰਜ ਦਾ ਕੰਮ ਦੇਖ ਰਹੇ ਬਲਜਿੰਦਰ ਸਿੰਘ ਢਿੱਲੋਂ ਨੇ ਅੱਜ ਕਈ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਕਿਹਾ ਹੈ ਕਿ ਜੇਕਰ ਉਨਾਂ ਦੀਆਂ ਗੱਡੀਆਂ ਦੇ ਚਲਾਨ ਹੋਏ ਹਨ ਤਾਂ ਉਨਾਂ ਚਲਾਨਾਂ ਨੂੰ ਉਹ ਜਲਦੀ ਤੋਂ ਜਲਦੀ ਭੁਗਤ ਲੈਣ ਨਹੀਂ ਤੇ ਗੱਡੀਆਂ ਜ਼ਬਤ ਕਰਨ ਤੋਂ ਇਲਾਵਾ ਉਨਾਂ ਨੂੰ ਭਾਰੀ ਜੁਰਮਾਨੇ ਕੀਤੇ ਜਾਣਗੇ | ਚਲਾਨ ਨਾ ਭੁਗਤਣ ਵਾਲੇ ਮਾਲਕਾਂ ਦੇ ਵਾਹਨਾਂ ਨੂੰ ਟਰਾਂਸਪੋਰਟ ਵਿਭਾਗ ਦੀ ਪੋਰਟਲ 'ਤੇ ਬਲੈਕ ਲਿਸਟ ਵਿਚ ਪਾ ਦਿੱਤਾ ਜਾਵੇਗਾ ਸਗੋਂ ਉਹ ਕਿਸੇ ਵੀ ਤਰਾਂ ਦੀ ਸਹੂਲਤ ਨਹੀਂ ਲੈ ਸਕਣਗੇ | ਬਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਆਪਣੇ ਚਲਾਨਾਂ ਨੂੰ ਸਮੇਂ ਸਿਰ ਤਾਂ ਭੁਗਤਣਾ ਚਾਹੀਦਾ ਹੈ ਸਗੋਂ ਉਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ | ਉਨਾਂ ਕਿਹਾ ਕਿ ਸਟਾਫ਼ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਹੈ |