ਗੁਰਾਇਆ, 11 ਮਈ (ਬਲਵਿੰਦਰ ਸਿੰਘ)-ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਪਹੁੰਚ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਬੈਠੇ ਸਫ਼ਾਈ ਸੇਵਕਾਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਸੁਣਿਆ | ਇਸ ਦੌਰਾਨ ਵਿਧਾਇਕ ਨੇ ਮੌਕੇ 'ਤੇ ਹੀ ਏ.ਡੀ.ਸੀ. ਵਿਕਾਸ ਨਾਲ ਗੱਲਬਾਤ ਕਰਕੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਅਤੇ ਮਸਲੇ ਤੁਰੰਤ ਪੰਜਾਬ ਸਰਕਾਰ ਤੱਕ ਪਹੁੰਚਾਏ ਜਾਣਗੇ | ਕਰਮਚਾਰੀਆਂ ਨੇ ਆਪਣੀਆਂ ਮੁੱਖ ਮੰਗਾਂ ਵਿਚ ਨੌਕਰੀਆਂ ਪੱਕੀਆਂ ਕਰਨ, ਤਨਖ਼ਾਹ ਵਿਚ ਵਾਧਾ ਕਰਨ ਅਤੇ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦੀ ਮੰਗ ਰੱਖੀ | ਕਰਮਚਾਰੀਆਂ ਨੇ ਕਿਹਾ ਕਿ ਠੇਕੇਦਾਰੀ ਪ੍ਰਣਾਲੀ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਨੌਕਰੀ ਦੀ ਕੋਈ ਸੁਰੱਖਿਆ ਨਹੀਂ ਮਿਲ ਰਹੀ | ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਦਿਨ-ਰਾਤ ਮਿਹਨਤ ਕਰਕੇ ਸ਼ਹਿਰ ਦੀਆਂ ਗਲੀਆਂ ਅਤੇ ਨਾਲੀਆਂ ਨੂੰ ਸਾਫ਼ ਰੱਖਦੇ ਹਨ ਅਤੇ ਇਹ ਬਹੁਤ ਹੀ ਅÏਖਾ ਅਤੇ ਜ਼ਿੰਮੇਵਾਰੀ ਭਰਿਆ ਕੰਮ ਹੈ | ਉਨ੍ਹਾਂ ਨੇ ਸ਼ਹਿਰ ਦੀ ਮੌਜੂਦਾ ਸਥਿਤੀ 'ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਦੀਆਂ ਗਲੀਆਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣ ਗਿਆ ਹੈ ਅਤੇ ਸਥਿਤੀ ਨੂੰ ਜਲਦ ਤੋਂ ਜਲਦ ਸੁਧਾਰਨ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਕਈ ਕਰਮਚਾਰੀਆਂ ਨੂੰ ਸਿਰਫ਼ ਲਗਭਗ 10,000 ਮਹੀਨਾ ਤਨਖ਼ਾਹ ਮਿਲ ਰਹੀ ਹੈ, ਜੋ ਕਿ ਅੱਜ ਦੇ ਮਹਿੰਗਾਈ ਭਰੇ ਸਮੇਂ ਵਿਚ ਪਰਿਵਾਰ ਚਲਾਉਣ ਲਈ ਬਹੁਤ ਘੱਟ ਹੈ | ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਦਾਰਾ ਸਿੰਘ ਬੋਪਾਰਾਏ,ਸਾਬਕਾ ਕੌਂਸਲਰ ਬਲਜਿੰਦਰ ਕਾਲਾ,ਬਲਾਕ ਪ੍ਰਧਾਨ ਰੁੜਕਾ ਕਲਾਂ ਰਾਕੇਸ਼ ਕੁਮਾਰ ਦੁੱਗਲ, ਸ਼ਹਿਰੀ ਪ੍ਰਧਾਨ ਅਨਿਲ ਜੋਸ਼ੀ,ਨੰਬਰਦਾਰ ਜਸਵਿੰਦਰ ਸਿੰਘ ਚਿੰਤਾ,ਸਾਬਕਾ ਕੌਂਸਲਰ ਰੌਸ਼ਨ ਲਾਲ ਬਿੱਟੂ ਅਤੇ ਹੋਰ ਹਾਜ਼ਰ ਸਨ |