ਫਿਲੌਰ , 12 ਮਈ (ਸਤਿੰਦਰ ਸ਼ਰਮਾ)-ਅੱਜ ਇਥੇ ਪ੍ਰੈੱਸ ਕਲੱਬ ਫਿਲੌਰ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਰਾਜ ਗੀਤਕਾਰ ਚੰੰਨ ਗੁਰਾਇਆ (97) ਵਾਲੇ ਦੇ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਵਿਦਾ ਹੋ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿਚ ਬੇਸ਼ੱਕ ਇਹ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ | ਉਨ੍ਹਾਂ ਕਿਹਾ ਕਿ 'ਚੰਨ' ਹੋਰਾਂ ਨੇ ਜਿਥੇ ਪੰਜਾਬੀ ਸਾਹਿਤ, ਫਿਲਮੀ ਜਗਤ ਅਤੇ ਗੀਤਕਾਰੀ ਦੇ ਖੇਤਰ ਵਿਚ ਅਥਾਹ ਕੰਮ ਕੀਤਾ ਉਥੇ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਵੀ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕੀਤੀਆਂ | ਕਾਬਲੇ ਗੌਰ ਹੈ ਕਿ ਚੰਨ ਗੁਰਾਇਆ ਵਾਲੇ ਦੇ ਲਿਖੇ ਗੀਤ 'ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.. |' ਨੇ ਉਨ੍ਹਾਂ ਨੂੰ ਵਿਸ਼ਵ ਭਰ ਵਿਚ ਪ੍ਰਸਿੱਧੀ ਦਵਾਈ | ਸੈਂਕੜੇ ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਪੁਸਤਕਾਂ ਵੀ ਰਚੀਆਂ | ਕਲੱਬ ਦੇ ਪ੍ਰਧਾਨ ਬਰਨਾਲਾ ਨੇ ਕਿਹਾ ਕਿ ਚੰਨ ਗੁਰਾਇਆ ਵਾਲੇ ਨੇ ਗੁਰਾਇਆ ਦੇ ਨਾਲ ਨਾਲ ਸਬ ਡਵੀਜ਼ਨ ਫਿਲੌਰ (ਜਲੰਧਰ) ਨੂੰ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਪੰਜਾਬ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ, ਇਸ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਲੰਧਰ ਦੇ ਸ਼ਹਿਰ ਗੁਰਾਇਆ ਵਿਖੇ ਚੰਨ ਗੁਰਾਇਆ ਵਾਲੇ ਦੀ ਯਾਦ ਵਿਚ ਯਾਦਗਾਰੀ ਮਿਊਜ਼ੀਅਮ ਬਣਾਇਆ ਜਾਵੇ ਤਾਂ ਜੋ ਦੇੇਸ਼ ਵਿਦੇਸ਼ ਵਿਚ ਬੈਠੇ ਉਨ੍ਹਾਂ ਦੇ ਚਹੇਤੇ ਉਨ੍ਹਾਂ ਨੂੰ ਸਦੀਆਂ ਤੱਕ ਯਾਦ ਰੱਖ ਸਕਣ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਚੇਚੇ ਤੌਰ 'ਤੇ ਅਪੀਲ ਕੀਤੀ ਕਿ ਉਹ ਤਾਂ ਖ਼ੁਦ ਇਕ ਸੰਵੇਦਨਸ਼ੀਲ ਕਲਾਕਾਰ ਹਨ, ਇਸ ਲਈ ਚੰਨ ਗੁਰਾਇਆ ਵਾਲੇ ਦੀ ਯਾਦ ਵਿਚ ਗੁਰਾਇਆ ਵਿਖੇ ਇਕ ਖੂਬਸੂਰਤ ਮਿਊਜ਼ੀਅਮ ਬਣਾਇਆ ਜਾਵੇ | ਇਸ ਮੌਕੇ ਪ੍ਰੈਸ ਕਲੱਬ ਫਿਲੌਰ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਗਿੱਲ, ਖਜ਼ਾਨਚੀ ਅਮਰਜੀਤ ਸਿੰਘ ਮੋਨੂੰ, ਕਾਨੂੰਨੀ ਸਲਾਹਕਾਰ ਸ਼ੁਭਮ ਸ਼ਰਮਾ, ਬੀਬਾ ਹਰਜਿੰਦਰ ਕੌਰ ਚਾਹਲ, ਨਰੇਸ਼ ਸ਼ਰਮਾ, ਬੰਟੀ ਕਲੇਰ, ਪ੍ਰਭਪਾਲ, ਸੁਰਿੰਦਰ ਸਿੰਘ ਅਤੇ ਸਤਿੰਦਰ ਸ਼ਰਮਾ ਹਾਜ਼ਰ ਸਨ |