ਫਿਲੌਰ, 13 ਮਈ (ਸਤਿੰਦਰ ਸ਼ਰਮਾ)-ਵਿਦਿਆਰਥੀਆਂ ਵਿਚ ਸਿਹਤ ਜਾਗਰੂਕਤਾ ਵਧਾਉਣ ਤੇ ਸਮੇਂ ਸਿਰ ਡਾਕਟਰੀ ਸਲਾਹ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਵੱਲੋਂ ਇਕ ਹੈਲਥ ਕੇਅਰ ਕੈਂਪ ਦਾ ਅਯੋਜਨ ਕੀਤਾ ਗਿਆ | ਕੈਂਪ ਵਿਚ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੇ ਸੇਵਾਵਾਂ ਨਿਭਾਈਆਂ | ਟੀਮ ਵਿਚ ਦੰਦਾਂ ਦੇ ਮਾਹਿਰ ਡਾ. ਕੁਲਦੀਪ ਰਾਏ, ਡਾ. ਸੰਦੀਪ ਕੁਮਾਰ, ਡਾ. ਅੰਕਿਤ ਅਤੇ ਡਾ. ਮਾਨਸੀ ਸ਼ਾਮਿਲ ਸਨ, ਜਦ ਕਿ ਅੱਖਾਂ ਦੇ ਮਾਹਿਰ ਡਾ. ਅਕਸ਼ਿਤ ਵੀ ਮੌਜੂਦ ਰਹੇ | ਸਕੂਲ ਲਈ ਇਹ ਮਾਣ ਦੀ ਗੱਲ ਸੀ ਕਿ ਡਾ. ਮਾਨਸੀ ਇਸੇ ਸੰਸਥਾ ਦੀ ਪੁਰਾਣੀ ਵਿਦਿਆਰਥਣ ਹੈ, ਉਹ ਉਚੇਚੇ ਤੌਰ 'ਤੇ ਸਕੂਲ ਦੀ ਸੇਵਾ ਲਈ ਕੈਂਪ ਵਿਚ ਆਈ ਸੀ | ਡਾ. ਕੁਲਦੀਪ ਰਾਏ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਖਾਸ ਖਿਆਲ ਰੱਖਣ ਕਿਉਂਕਿ ਚੰਗੀ ਪੜ੍ਹਾਈ ਲਈ ਚੰਗੀ ਸਿਹਤ ਦਾ ਹੋਣਾ ਵੀ ਲਾਜ਼ਮੀ ਹੈ | ਡਾ.ਰਾਏ ਨੇ ਕਿਹਾ ਕਿ ਜ਼ਿਆਦਾਤਰ ਬਿਮਾਰੀਆਂ ਇਨਸਾਨ ਦੇ ਮੂੰਹ ਦੇ ਰਸਤੇ ਹੀ ਸਰੀਰ 'ਚ ਦਾਖ਼ਲ ਹੁੰਦੀਆਂ ਹਨ, ਇਸ ਲਈ ਇਨਸਾਨ ਨੂੰ ਹਮੇਸ਼ਾ ਸ਼ੁੱਧ ਖਾਣਾ ਹੀ ਖਾਣਾ ਚਾਹੀਦਾ ਹੈ ਅਤੇ ਆਪਣੇ ਮੂੰਹ ਅਤੇ ਦੰਦਾਂ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਸਵੇਰੇ ਉਠਣ ਵੇਲੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦ ਚੰਗੇ ਬੁਰਸ਼ ਅਤੇ ਪੇਸਟ ਨਾਲ ਸਾਫ ਕਰਨੇ ਚਾਹੀਦੇ ਹਨ | ਸਕੂਲ ਦੀ ਪਿ੍ੰਸੀਪਲ ਡਾ. ਅੰਮਿ੍ਤਾ ਕੁਮਾਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਡਾ.ਸਿੰਘ ਨੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਕੈਂਪ ਦੌਰਾਨ ਵਿਦਿਆਰਥੀਆਂ ਦੀ ਮੁਕੰਮਲ ਜਾਂਚ ਕੀਤੀ ਗਈ | ਵਿਦਿਆਰਥੀਆਂ ਨੂੰ ਹੈਲਥ ਕਾਰਡ ਜਾਰੀ ਕੀਤੇ ਗਏ ਅਤੇ ਡਾਕਟਰਾਂ ਵੱਲੋਂ ਬਿਮਾਰੀਆਂ ਦੀ ਪਛਾਣ ਕਰਕੇ ਲੋੜੀਂਦਾ ਇਲਾਜ਼ ਲਈ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ |