ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਮਾਨਵਵਾਦੀ ਰਚਨਾ ਮੰਚ ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਦੇ ਮੈਂਬਰਾਂ ਦੀ ਮੀਟਿੰਗ ਜਲੰਧਰ ਵਿਖੇ ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ 2026 ਦਾ 26ਵਾਂ 'ਲੋਕ ਕਵੀ ਗੁਰਦਾਸ ਰਾਮ ਆਲਮ ਸਨਮਾਨ' ਪ੍ਰਸਿੱਧ ਇਤਿਹਾਸਕਾਰ ਡਾ. ਰਾਜ ਕੁਮਾਰ ਹੰਸ ਨੂੰ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ, ਜਰਨਲ ਸਕੱਤਰ ਮੱਖਣ ਮਾਨ ਤੇ ਪ੍ਰੈਸ ਸਕੱਤਰ ਭਗਵੰਤ ਰਸੂਲਪੁਰੀ ਨੇ ਜਾਣਕਾਰੀ ਦਿੱਤੀ ਕਿ ਦਿੱਤੇ ਜਾਣ ਵਾਲੇ ਸਨਮਾਨ 'ਚ ਸ਼ਾਲ, ਮੋਮੈਂਟੋ ਤੇ ਨਕਦ ਰਾਸ਼ੀ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਹੰਸ ਨੇ 1978 'ਚ ਮਹਾਰਾਜਾ ਸਾਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਗੁਜਰਾਤ ਤੋਂ ਪੀ.ਐੱਚ.ਡੀ. ਕੀਤੀ, ਜੋ ਬਾਅਦ 'ਚ ਇਸੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚੋਂ ਪ੍ਰੋਫ਼ੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ | ਡਾ. ਹੰਸ ਨੂੰ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਸ਼ਿਮਲਾ 'ਚ 2009 ਤੋਂ 2011 ਤੱਕ 'ਪੰਜਾਬੀ ਦਲਿਤ ਸਾਹਿਤ ਦਾ ਇਤਿਹਾਸ' ਤੇ ਖੋਜ ਦਾ ਕੰਮ ਕਰਨ ਲਈ ਫੈਲੋਸ਼ਿਪ ਮਿਲੀ | ਭਾਈ ਜੈਤਾ ਤੇ ਸ੍ਰੀ ਗੁਰ ਕਥਾ, ਸੰਤ ਕਵੀ ਵਜ਼ੀਰ ਸਿੰਘ : ਸ਼ੀਹਰਫ਼ੀਆਂ, ਲੋਕ ਕਵੀ ਦਯਾ ਸਿੰਘ ਆਰਿਫ਼ ਤੇ ਦਲਿਤ ਇਤਿਹਾਸਕਾਰੀ ਨਾਲ ਸਬੰਧਿਤ ਉਨ੍ਹਾਂ ਦੇ ਖੋਜ ਪੇਪਰ ਕੌਮਾਂਤਰੀ ਜਰਨਲਾਂ 'ਚ ਛਪੇ | ਡਾ. ਹੰਸ ਦਾ ਸਾਰਾ ਖੋਜ ਦਾ ਕੰਮ ਅੰਗਰੇਜ਼ੀ 'ਚ ਛਪਿਆ | ਉਨ੍ਹਾਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਕਰਦਿਆਂ ਭਾਈ ਜੈਤਾ, ਕਵੀ ਵਜ਼ੀਰ ਸਿੰਘ ਤੇ ਦਯਾ ਸਿੰਘ ਆਰਿਫ਼ ਨੂੰ ਕੌਮਾਂਤਰੀ ਪੱਧਰ ਤੇ ਪਹਿਲੀ ਵਾਰ ਜਾਣੂ ਕਰਵਾਇਆ | ਪਿੱਛੇ ਜਿਹੀ ਡਾ. ਹੰਸ ਦੀ ਪੰਜਾਬੀ 'ਚ ਮੰਗਤ ਰਾਮ ਵਲੋਂ ਅਨੁਵਾਦ ਕੀਤੀ ਕਿਤਾਬ 'ਪੰਜਾਬ ਦੇ ਇਨਕਲਾਬ : ਸਿੱਖ ਅਤੇ ਦਲਿਤ ਸਾਹਿਤਕਾਰੀ' ਛਪੀ | ਡਾ. ਰਾਜ ਕੁਮਾਰ ਹੰਸ ਦੇ ਠੋਸ ਤੇ ਇਤਿਹਾਸਕ ਕਾਰਜ ਨੂੰ ਦੇਖਦਿਆਂ ਮਾਨਵਵਾਦੀ ਰਚਨਾ ਮੰਚ ਵਲੋਂ ਉਨ੍ਹਾਂ ਨੂੰ 26ਵਾਂ 'ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ' ਦੇਣ ਦਾ ਫ਼ੈਸਲਾ ਲਿਆ ਗਿਆ | ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਮਾਗਮ ਜੁਲਾਈ ਦੇ ਅੰਤ 'ਚ ਜਲੰਧਰ ਵਿਖੇ ਕਰਵਾਇਆ ਜਾਵੇਗਾ | ਇਸ ਸਮਾਗਮ 'ਚ 'ਆਲਮ ਕਾਵਿ' ਦਾ ਨਵਾਂ ਸੰਸਕਰਨ ਵੀ ਰਲੀਜ਼ ਕੀਤਾ ਜਾਵੇਗਾ | ਹੰਸ ਦੀ ਪੰਜਾਬੀ 'ਚ ਛਪੀ ਕਿਤਾਬ ਤੇ ਵਿਚਾਰ-ਚਰਚਾ ਵੀ ਕਰਵਾਈ ਜਾਵੇਗੀ |