ਲੋਹੀਆਂ ਖਾਸ, 15 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਹਾਈਵੇ 703ਏ 'ਤੇ ਬਣ ਰਹੇ ਫਲਾਈਓਵਰ ਅਤੇ ਅੰਮਿ੍ਤਸਰ ਜਾਮਨਗਰ ਸੜਕ ਦੇ ਟਰਾਲਿਆਂ ਕਾਰਨ ਫਾਟਕ ਦੇ ਦੋਵੇਂ ਪਾਸੇ ਦੇ ਦੁਕਾਨਦਾਰਾਂ ਵੱਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਵੱਖ ਵੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਦਿੱਤੇ ਗਏ ਮੰਗ ਪੱਤਰਾਂ ਨੂੰ ਕੋਈ ਬੂਰ ਨਹੀਂ ਪਿਆ, ਜਿਸ ਤੋਂ ਨਿਰਾਸ਼ ਹੋ ਕੇ ਵੱਖ ਵੱਖ ਕਿਸਾਨ ਕਮੇਟੀਆਂ, ਮਜ਼ਦੂਰ ਜਥੇਬੰਦੀਆਂ ਅਤੇ ਵਪਾਰ ਮੰਡਲ ਲੋਹੀਆਂ ਦੀ ਹਮਾਇਤ ਨਾਲ ਹੁਣ ਸਮੂਹ ਦੁਕਾਨਦਾਰਾਂ ਨੇ 'ਨੈਸ਼ਨਲ ਹਾਈਵੇ' 'ਤੇ 18 ਮਈ, ਦਿਨ ਸੋਮਵਾਰ ਨੂੰ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ | ਇਸ ਸਬੰਧੀ 'ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਕਾ. ਲਖਵੀਰ ਸਿੰਘ ਕੰਗ, ਨੌਜਵਾਨ ਭਾਰਤ ਸਭਾ ਦੇ ਸੋਨੂੰ ਅਰੋੜਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾ. ਵਿਕਰਮ ਮੰਡਾਲਾ, ਸੀਟੂ ਦੀ ਭਾਰਤ ਮਿਸਤਰੀ ਨਿਰਮਾਣ ਯੂਨੀਅਨ, ਸੀ.ਬੀ.ਆਈ.ਐੱਮ. ਕਮਿਊਨਿਟਸ ਪਾਰਟੀ, ਸਮੇਤ ਵਪਾਰ ਮੰਡਲ ਲੋਹੀਆਂ ਦੇ ਆਗੂਆਂ ਨਾਲ ਮੀਟਿੰਗਾਂ ਦੇ ਦੌਰ ਤੋਂ ਬਾਅਦ ਇਸ ਸਬੰਧੀ ਗੱਲਬਾਤ ਕਰਦਿਆਂ 'ਜੱਕੋਪੁਰ ਖੁਰਦ ਮੋੜ ਤੋਂ ਲੈ ਕੇ ਜੋਸਨ ਹਸਪਤਾਲ ਤੱਕ' ਦੇ ਦੋਵਾਂ ਸਾਈਡਾਂ ਦੇ ਪੁੱਜੇ ਦੁਕਾਨਦਾਰਾਂ ਬਲਵੀਰ ਸਿੰਘ ਬੱਲੀ, ਜਗਜੀਵਨ ਸਿੰਘ ਸੇਠੀ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਜੀਤਾ, ਪਰਮਜੀਤ ਸਿੰਘ ਪੰਮਾ ਆਟੋ, ਰਣਜੀਤ ਸਿੰਘ, ਗੁਰਸ਼ਰਨ ਸਿੰਘ ਖਿੰਡਾ, ਕਸ਼ਮੀਰ ਸਿੰਘ, ਸੰਤੋਖ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਨੰਢਾ, ਗਿਆਨੀ ਪਰਮਜੀਤ ਸਿੰਘ, ਬਹਾਦਰ ਸਿੰਘ ਮਠਾੜੂ, ਰਵੀ, ਰਸ਼ਪਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਪਾਲ ਸਿੰਘ ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ, ਰਾਜੀ, ਸਤਪਾਲ, ਅਮਰੀਕ ਸਿੰਘ, ਲਖਵਿੰਦਰ ਸਿੰਘ, ਹਰਜੱਸ ਸਿੰਘ, ਜਸਵਿੰਦਰ ਸਿੰਘ, ਜੰਗ ਬਹਾਦਰ ਸਿੰਘ, ਸਾ. ਸਰਪੰਚ ਸੁਖਚੈਨ ਸਿੰਘ ਜੱਕੋਪੁਰ, ਹਰਦੇਵ ਸਿੰਘ ਬਿੱਲਾ, ਮੇਜਰ ਸਿੰਘ ਮਰੋਕ, ਬਲਵਿੰਦਰ ਸਿੰਘ ਚੰਦੀ, ਡਾ. ਸੁਖਚੈਨ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਅਸੀਂ ਥਾਣਾ ਲੋਹੀਆਂ, ਨਾਇਬ ਤਹਿਸੀਲਦਾਰ ਅਤੇ ਏ.ਡੀ.ਸੀ. ਜਲੰਧਰ ਸਮੇਤ ਅਨੇਕਾਂ ਅਫ਼ਸਰਾਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਾਂ, ਪਰ ਸਾਡੀਆਂ ਮੰਗਾਂ ਨੂੰ ਕੋਈ ਬੂਰ ਨਹੀਂ ਪਿਆ | ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿੱਚ ਦੋਵੇਂ ਸਾਈਡਾਂ ਦੀਆਂ ਸਰਵਿਸ ਸੜਕਾਂ ਨੂੰ ਬਣਾਉਣਾ, ਨਾਲ ਲੱਗਦੇ ਟੁੱਟ ਚੁੱਕੇ ਨਿਕਾਸੀ ਨਾਲੇ ਨੂੰ ਬਣਾਉਣਾ ਤੇ ਠੀਕ ਕਰਨਾ, ਠੇਕੇਦਾਰਾਂ ਦੇ ਟਰਾਲੇ ਧੂੜ ਉਡਾਉਂਦੇ ਸ਼ਰੇਆਮ ਓਵਰਲੋਡ ਚੱਲ ਰਹੇ ਹਨ ਨੂੰ ਨੱਥ ਪਾਉਣੀ, ਸੜਕਾਂ 'ਤੇ ਖਿਲਾਰੀ ਮਿੱਟੀ-ਧੂੜ ਨੂੰ ਸਾਫ ਕਰਵਾਉਣਾ ਸਮੇਤ ਹੋਰ ਮੰਗਾਂ ਪਹਿਲਾਂ ਦੀ ਧਰਾਂ ਮੂੰਹ ਅੱਡੀ ਖੜੀਆਂ ਹਨ | ਉਨ੍ਹਾਂ ਫਿਰ ਚੇਤਾਵਨੀ ਦਿੰਦਿਆਂ ਕਿ ਜੇਕਰ ਇੱਕ ਦੋ ਦਿਨਾਂ ਤੱਕ ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਧਰਨੇ ਤੋਂ ਲੋਕਾਂ ਨੂੰ ਪੈਦਾ ਹੋਣ ਵਾਲੀ ਪ੍ਰੇਸ਼ਾਨੀ ਲਈ ਜਿਲ੍ਹਾ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ |