ਸ਼ਾਹਕੋਟ, 15 ਮਈ (ਸੁਖਦੀਪ ਸਿੰਘ)-ਸੀ.ਐੱਮ. ਦੀ ਯੋਗਸ਼ਾਲਾ ਤਹਿਤ ਸ਼ਾਹਕੋਟ ਇਲਾਕੇ 'ਚ ਯੋਗ ਕਿਰਿਆਵਾਂ ਲਈ ਤਜ਼ਰਬੇਕਾਰ ਯੋਗਾ ਇੰਸਟਰਕਟਰ ਮਹੇਸ਼ ਮਾਥੁਰ ਦੀ ਦੇਖ-ਰੇਖ ਹੇਠ ਪਿੱਛਲੇ ਢਾਈ ਸਾਲਾਂ ਤੋਂ ਯੋਗਾ ਕਲਾਸਾਂ ਦਾ ਸੰਚਾਲਨ ਸਫ਼ਲਤਾਪੂਰਵਕ ਕੀਤਾ ਜਾ ਰਿਹਾ ਹੈ | ਯੋਗਾ ਇੰਸਟਰਕਟਰ ਮਹੇਸ਼ ਮਾਥੁਰ ਨੇ ਦੱਸਿਆ ਕਿ ਇਹਨਾਂ ਕਲਾਸਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਯੋਗਾ ਰਾਹੀਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ | ਇੰਨ੍ਹਾਂ ਕਲਾਸਾਂ 'ਚ ਵੱਖ-ਵੱਖ ਉਮਰ ਸਮੂਹਾਂ ਦੇ ਲੋਕ ਰੋਜ਼ਾਨਾ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਨਿਯਮਤ ਯੋਗਾ ਅਭਿਆਸ ਰਾਹੀਂ ਸਿਹਤ-ਸੰਭਾਲ ਦਾ ਲਾਭ ਪ੍ਰਾਪਤ ਹੋ ਰਿਹਾ ਹੈ ਅਤੇ ਯੋਗਾ ਪ੍ਰਤੀ ਜਾਗਰੂਕਤਾ ਲਗਾਤਾਰ ਵੱਧ ਰਹੀ ਹੈ | ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਨੂੰ ਨਿਯਮਿਤ ਤੌਰ 'ਤੇ ਪ੍ਰਾਣਾਯਾਮ, ਆਸਣ ਅਤੇ ਧਿਆਨ 'ਚ ਸਿਖਲਾਈ ਸੰਬੰਧੀ ਰੋਜ਼ਾਨਾ 6 ਕਲਾਸਾਂ ਜਿੰਨ੍ਹਾਂ 'ਚ ਸਵੇਰੇ 8 ਤੋਂ 9 ਵਜੇ ਤੱਕ ਪਿੰਡੋਰੀ ਪਿੰਡ, ਸਵੇਰੇ 10 ਤੋਂ 11 ਵਜੇ ਤੱਕ ਗ੍ਰਾਮ ਪੰਚਾਇਤ ਇਨੋਵਾਲ, ਸ਼ਾਮ 4 ਤੋਂ 5 ਵਜੇ ਤੱਕ ਗਾਂਧੀ ਚੌਂਕ ਸ਼ਾਹਕੋਟ, ਸ਼ਾਮ 5:15 ਤੋਂ 6:15 ਵਜੇ ਤੱਕ ਸ਼ਿਵ ਮੰਦਰ ਸ਼ਾਹਕੋਟ ਅਤੇ ਸ਼ਾਮ 5 ਤੋਂ 6 ਵਜੇ ਤੱਕ ਤੇ ਸ਼ਾਮ 6 ਤੋਂ 7 ਵਜੇ ਤੱਕ (2 ਕਲਾਸਾਂ) ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਲਗਾਈਆਂ ਜਾ ਰਹੀਆਂ ਹਨ | ਜੇਕਰ ਕੋਈ ਸੱਜਣ ਕਿਸੇ ਹੋਰ ਜਗ੍ਹਾ ਕਲਾਸ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਘੱਟੋ-ਘੱਟ 25 ਮੈਂਬਰਾਂ ਦਾ ਗਰੁੱਪ ਇਕੱਠੇ ਹੋ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਸੀ.ਐਮ. ਦੀ ਯੋਗਸ਼ਾਲਾ ਤਹਿਤ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਯੋਗਾ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮਾ ਦਾ ਆਯੋਜਨ ਜਾਰੀ ਰਹੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਯੋਗਾ ਨਾਲ ਜੁੜ ਕੇ ਇੱਕ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਜੀਅ ਸਕਣ |