ਆਦਮਪੁਰ, 20 ਮਈ ( ਹਰਪ੍ਰੀਤ ਸਿੰਘ, ਰਮਨ ਦਵੇਸਰ )- ਨਗਰ ਕੌਂਸਲ ਦੇ ਅਧੀਨ ਆਉਂਦੇ ਵਲੀਆ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਢਾਹ ਲਾਉਣ ਦੀ ਨੀਅਤ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੇਰ ਰਾਤ ਵਾਰਡ ਨੰਬਰ 8 ਰੇਲਵੇ ਰੋਡ ਸੜਕ ਉੱਤੇ ਸਬਜ਼ੀ ਦੀਆਂ 2 ਰੇੜ੍ਹੀਆਂ ਤੇ ਵਾਰਡ ਨੰਬਰ 13 ਤੋਂ ਅਜ਼ਾਦ ਉਮੀਦਵਾਰ ਚਾਹ ਵਾਲੇ ਖੋਖੇ ਨੂੰ ਲਗਾਈ ਅੱਗ ਲਗਾ ਦਿੱਤੀ | ਚੋਣਾਂ ਦਾ ਮਾਹੌਲ ਹੋਣ ਕਰਕੇ ਵੱਖ - ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰਾਂ ਤੇ ਦੂਸ਼ਣਬਾਜੀ ਕਰ ਰਹੇ ਹਨ | ਜਾਣਕਾਰੀ ਦਿੰਦੇ ਪੀੜ੍ਹਤ ਬਰਜੇਸ਼ ਕੁਮਾਰ ਤੇ ਮਹੇਸ਼ ਕੁਮਾਰ ਵਾਸੀ ਜਵਾਹਰ ਨਗਰ ਨੇ ਦੱਸਿਆ ਕਿ ਰਾਤ ਨੂੰ ਸਾਨੂੰ ਫੋਨ ਆਇਆ ਕਿ ਤੁਹਾਡੀਆਂ ਰੇੜ੍ਹੀਆਂ ਨੂੰ ਅੱਗ ਲੱਗੀ ਹੈ ਜਦੋਂ ਅਸੀ ਮੌਕੇ 'ਤੇ ਪਹੁੰਚੇ ਤਾਂ ਸਭ ਕੁੱਝ ਸੜ ਕੇ ਸਵਾਹ ਹੋ ਗਿਆ ਸੀ | ਇਸ ਤਰ੍ਹਾਂ ਉਮੀਦਵਾਰ ਗੋਰਵ ਝੱਲੀ ਵਾਸੀ ਗਾਜੀਪੁਰ ਨੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਤੇ ਅਜ਼ਾਦ ਉਮੀਦਵਾਰਾਂ ਵਜੋਂ ਵਾਰਡ ਨੰਬਰ 13 ਤੋਂ ਚੋਣ ਲੜ ਰਿਹਾ ਹਾਂ | ਉਮੀਦਵਾਰ ਨੇ ਕਿਹਾ ਕਿ ਮੇਰੇ ਨਾਲ ਵੋਟਾਂ ਦੀ ਰੰਜ਼ਿਸ ਰੱਖਣ ਵਾਲੇ ਵਿਆਕਤੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਘਟਨਾ ਨਾਲ ਗਰੀਬ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ | ਅੱਧੀ ਰਾਤ ਨੂੰ ਵਾਪਰੇ ਇਸ ਹਾਦਸੇ ਅਤੇ ਅੱਗ ਦੀਆਂ ਉੱਠਦੀਆਂ ਲਪਟਾਂ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਸਹਿਮ, ਦਹਿਸ਼ਤ ਅਤੇ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ | ਵਾਰਡ ਦੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਇਹ ਕਾਰਾ ਇਲਾਕੇ ਦਾ ਮਾਹੌਲ ਖਰਾਬ ਕਰਨ ਅਤੇ ਗੜਬੜੀ ਫੈਲਾਉਣ ਦੀ ਨੀਅਤ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਮਾਮਲੇ ਸਬੰਧੀ ਥਾਣਾ ਮੁਖੀ ਪੰਕਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |