ਫਿਲੌਰ, 20 ਮਈ (ਸਤਿੰਦਰ ਸ਼ਰਮਾ)- ਪਾਵਰ ਆਊਟ ਸੋਰਸ ਸਪਾਟ ਬਿਲਿੰਗ ਮੀਟਰ ਰੀਡਰ ਯੂਨੀਅਨ ਸਬ ਡਵੀਜ਼ਨ ਫਿਲੌਰ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਬੰਧਤ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ਮੰਗ ਪੱਤਰ ਵਿਚ ਕਿਹਾ ਕਿ ਉਹ ਡਵੀਜ਼ਨ ਵਿਚ ਲੰਬੇ ਸਮੇਂ ਤੋਂ ਮੀਟਰ ਰੀਡਰ ਅਤੇ ਸੁਪਰਵਾਈਜ਼ਰ ਵਜੋਂ ਕੰਮ ਕਰਦੇ ਆ ਰਹੇ ਹਨ | ਉਹ ਨਿਗੂਣੀਆਂ ਤਨਖਾਹਾਂ 'ਤੇ ਮਹਿਕਮੇ ਦੀ ਸੇਵਾ ਨਿਭਾ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਇਹ ਆਸ ਸੀ ਕਿ ਪੰਜਾਬ ਸਰਕਾਰ ਅਤੇ ਮਹਿਕਮਾ ਉਨ੍ਹਾਂ ਨੂੰ ਪੱਕਾ ਜ਼ਰੂਰ ਕਰ ਦੇਵੇਗਾ, ਪਿਛਲੇ ਸਮੇਂ ਦੌਰਾਨ ਮਹਿਕਮੇ ਵਲੋਂ ਉਨ੍ਹਾਂ ਨੂੰ ਪੱਤਰਾਂ ਰਾਹੀਂ ਭਰੋਸਾ ਦਵਾਇਆ ਗਿਆ ਸੀ ਕਿ ਆਊਟਸੋਰਸ ਪਾਲਿਸੀ ਅਧੀਨ ਮੀਟਰ ਰੀਡਰ ਤੇ ਸੁਪਰਵਾਈਜ਼ਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਦ ਤੱਕ ਮਹਿਕਮੇ ਵਲੋਂ ਕੰਪਨੀਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਰੈਗੂਲਰ ਕਰਕੇ ਬਿਲਿੰਗ ਦਾ ਕੰਮ ਮੁੜ ਸ਼ੁਰੂ ਨਹੀਂ ਕਰਵਾਇਆ ਜਾਂਦਾ, ਉਨਾਂ ਚਿਰ ਉਹ ਆਪਣਾ ਕੰਮ ਪੂਰਨ ਤੌਰ 'ਤੇ ਬੰਦ ਕਰਕੇ ਹੜਤਾਲ 'ਤੇ ਜਾ ਰਹੇ ਹਨ | ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਮਹਿਕਮੇ ਅਤੇ ਪ੍ਰਸ਼ਾਸ਼ਨ ਦੀ ਹੋਵੇਗੀ | ਇਸ ਮੌਕੇ ਕੁਲਦੀਪ ਕੁਮਾਰ, ਰਣਬੀਰ ਸਿੰਘ, ਪੰਕਜ ਸ਼ਰਮਾ, ਮਨਪ੍ਰੀਤ, ਪਵਨ ਕੁਮਾਰ, ਸੰਦੀਪ ਕੁਮਾਰ, ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ, ਸੁਮੀਤ, ਹਰਮਿੰਦਰ ਕੁਮਾਰ ਅਤੇ ਹੋਰ ਹਾਜ਼ਰ ਸਨ |