ਜਲੰਧਰ, 21 ਮਈ (ਸ਼ਿਵ)- ਵਾਰਡ ਨੰਬਰ 85 ਵਿਚ ਬਣੀ ਘਟੀਆ ਸੀਮੈਂਟ ਦੀ ਸੜਕ ਦਾ ਮਾਮਲਾ ਵਿਜੀਲੈਂਸ ਬਿਊਰੋ ਕੋਲ ਪੁੱਜ ਗਿਆ ਹੈ | ਅੱਜ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਵਾਰਡ ਨੰਬਰ 85 ਦੇ ਲੋਕਾਂ ਨੇ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਦਫਤਰ ਨੂੰ ਸ਼ਿਕਾਇਤ ਕਰਕੇ ਵੀਨਸ ਵੈਲੀ ਬਾਬਾ ਮੋਹਨ ਦਾਸ ਨਗਰ ਵਿਚ 45 ਲੱਖ ਦੀ ਲਾਗਤ ਨਾਲ ਘਟੀਆ ਬਣੀ ਸੀਮੈਂਟ ਦੀ ਸੜਕ ਦੀ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਸ ਇਲਾਕੇ ਤੋਂ ਇਲਾਵਾ ਸਲੇਮਪੁਰ ਮੁਸਲਮਾਨਾਂ ਰੋਡ 'ਤੇ ਸੜਕਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ ਜੋ ਕਿ 50 ਲੱਖ ਰੁਪਏ ਵਿਚ ਕਰਵਾਇਆ ਗਿਆ ਸੀ | ਕੁੱਝ ਮਹੀਨੇ ਵਿਚ ਇਹ ਸੜਕਾਂ ਟੁੱਟੀਆਂ ਸ਼ੁਰੂ ਹੋ ਗਈਆਂ ਸੀ | ਉਨਾਂ ਨੇ ਮੰਗ ਕਰਦਿਆਂ ਕਿਹਾ ਕਿ ਘਟੀਆ ਸੜਕ ਬਣਾਉਣ ਵਾਲੇ ਠੇਕੇਦਾਰ ਅਤੇ ਜ਼ਿੰਮੇਵਾਰ ਨਿਗਮ ਅਫ਼ਸਰਾਂ ਦੇ ਖ਼ਿਲਾਫ਼ ਇਸ ਮਾਮਲੇ ਵਿਚ ਜਾਂਚ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਚੇਤੇ ਰਹੇ ਕਿ ਬੀਤੇ ਦਿਨੀਂ ਕ੍ਰਿਸ਼ਨ ਦੇਵ ਭੰਡਾਰੀ ਨੂੰ ਇਲਾਕੇ ਦੇ ਲੋਕਾਂ ਨੇ ਇਸ ਘਟੀਆ ਸੜਕ ਬਾਰੇ ਜਾਣਕਾਰੀ ਦਿੱਤੀ ਸੀ ਕਿ 5 ਮਹੀਨੇ ਵਿਚ ਸੀਮੈਂਟ ਦੀ ਬਣੀ ਸੜਕ ਕਈ ਜਗਾ ਤੋਂ ਫੱਟ ਗਈ ਸੀ | ਇਸ ਬਾਰੇ ਅਨਮੋਲ ਕਾਲੀਆ ਨੇ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ | ਉਧਰ ਬੀਤੇ ਦਿਨੀਂ ਜਦੋਂ ਸ੍ਰੀ ਭੰਡਾਰੀ ਤੇ ਹੋਰਾਂ ਨੇ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਤਾਂ ਅੱਜ ਸਵੇਰੇ 7 ਵਜੇ ਹੀ ਨਿਗਮ ਦਾ ਜੇ.ਈ. ਠੇਕੇਦਾਰ ਦੇ ਕਰਿੰਦੇ ਲੈ ਕੇ ਮੌਕੇ 'ਤੇ ਆ ਗਿਆ ਤੇ ਉਸ ਨੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਉਹ ਇਸ ਸੜਕ ਨੂੰ ਦੁਬਾਰਾ ਬਣਵਾ ਦੇਣਗੇ ਪਰ ਇਲਾਕਾ ਵਾਸੀਆਂ ਨੇ ਇਸ ਨੂੰ ਦੁਬਾਰਾ ਬਣਵਾਉਣ ਤੋਂ ਇਨਕਾਰ ਕਰ ਦਿੱਤਾ | ਇਸ ਤੋਂ ਪਹਿਲਾਂ ਇਲਾਕਾ ਵਾਸੀਆਂ ਨੇ ਘਟੀਆ ਸੜਕ ਨੂੰ ਲੈ ਕੇ ਇਲਾਕੇ ਵਿਚ ਰੋਸ ਪ੍ਰਦਰਸ਼ਨ ਕੀਤਾ |
ਭੰਡਾਰੀ ਦੀ ਅਗਵਾਈ ਵਿਚ ਘਟੀਆ ਸੜਕ ਬਾਰੇ ਵਿਜੀਲੈਂਸ ਨੂੰ ਸ਼ਿਕਾਇਤ
ਵਿਜੀਲੈਂਸ ਦਫ਼ਤਰ ਵਿਚ ਸ਼ਿਕਾਇਤ ਦੇਣ ਮੌਕੇ ਕ੍ਰਿਸ਼ਨ ਦੇਵ ਭੰਡਾਰੀ ਤੇ ਹੋਰ | ਇਲਾਕੇ ਵਿਚ ਰੋਸ ਪ੍ਰਦਰਸ਼ਨ ਕਰਨ ਮੌਕੇ ਕ੍ਰਿਸ਼ਨ ਦੇਵ ਭੰਡਾਰੀ ਤੇ ਹੋਰ | ਤਸਵੀਰ: ਜੀ. ਪੀ. ਸਿੰਘ<br/>
22-05-2026