ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਬਿੱਲ ਰੱਦ ਕਰਵਾਉਣ ਲਈ 24 ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਹੋਵੇਗੀ ਇਕੱਤਰਤਾ
ਅਜੀਤ ਡੈਸਕ
22-05-2026
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਐਕਟ ਨੂੰ ਰੱਦ ਕਰਵਾਉਣ ਸਬੰਧੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਵਿਖੇ ਇਕੱਤਰਤਾ ਰੱਖੀ ਗਈ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਕਸਟੋਡੀਅਨ ਦੇ ਨਾਮ 'ਤੇ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ, ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿਰੁੱਧ ਮੱਦ ਅਤੇ ਹੋਰ ਸਿੱਖ ਵਿਰੋਧੀ ਮੱਦਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਰੱਦ ਕਰਵਾਉਣ ਲਈ ਸਿੱਖ ਸੰਸਥਾਵਾਂ ਵਲੋਂ 24 ਮਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਰਬ ਸਾਂਝੀ ਇਕੱਤਰਤਾ ਰੱਖੀ ਗਈ ਹੈ | ਇਸ ਇਕੱਤਰਤਾ 'ਚ ਸੰਗਤ ਦੇ ਸਨਮੁੱਖ
ਵਿਚਾਰ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਉਨ੍ਹਾਂ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ ਸਿੱਖ ਸੰਸਥਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ, ਸਿੱਖ ਪੰਥ ਨੂੰ ਹੀ ਕਾਨੂੰਨੀ ਘੇਰੇ 'ਚ ਲਿਆਉਣ ਕਰਕੇ ਸਿੰਘ ਸਾਹਿਬ ਦੇ ਵਿਚਾਰ ਸੁਣਨ ਲਈ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ |