ਜਲੰਧਰ, 23 ਮਈ (ਡਾ.ਜਤਿੰਦਰ ਸਾਬੀ)-29ਵੀ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਦੌਰਾਨ ਰਾਂਚੀ ਦੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਅੱਜ ਭਾਰਤੀ ਅਥਲੈਟਿਕਸ ਦੇ ਇਤਿਹਾਸ ਦਾ ਇੱਕ ਸੁਨਿਹਰਾ ਪੰਨਾਂ ਲਿਖਿਆ ਗਿਆ, ਜਦੋਂ ਪੰਜਾਬ (ਜਲੰਧਰ) ਦੇ ਉਭਰਦੇ ਸਪਰਿੰਟਰ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ਵਿੱਚ 10.09 ਸੈਕਿੰਡ ਦਾ ਸ਼ਾਨਦਾਰ ਸਮਾਂ ਕੱਢ ਕੇ ਨਵਾਂ ਭਾਰਤੀ ਰਿਕਾਰਡ ਬਣਾਉਂਦੇ ਹੋਏ ਕਾਮਨਵੈਲਥ ਗੇਮਜ਼ ਲਈ ਵੀ ਕੁਆਲੀਫਾਈ ਕਰ ਲਿਆ | ਇਸ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ | ਖੇਡ ਪ੍ਰੇਮੀਆਂ, ਕੋਚਾਂ ਅਤੇ ਨੌਜਵਾਨ ਅਥਲੀਟਾਂ ਵੱਲੋਂ ਗੁਰਿੰਦਰ ਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਪੰਜਾਬ ਦੇ ਪਿੰਡਾਂ ਤੋਂ ਲੈ ਕੇ ਖੇਡ ਮੈਦਾਨਾਂ ਤੱਕ ਹਰ ਪਾਸੇ ਗੁਰਿੰਦਰ ਵੀਰ ਸਿੰਘ ਦੀ ਚਰਚਾ ਹੋ ਰਹੀ ਹੈ | ਸਭ ਤੋਂ ਭਾਵੁਕ ਅਤੇ ਹੈਰਾਨ ਕਰ ਦੇਣ ਵਾਲਾ ਦਿ੍ਸ਼ ਉਸ ਵੇਲੇ ਸਾਹਮਣੇ ਆਇਆ ਜਦੋਂ ਰੇਸ ਖਤਮ ਕਰਨ ਤੋਂ ਤੁਰੰਤ ਬਾਅਦ ਗੁਰਿੰਦਰ ਵੀਰ ਸਿੰਘ ਨੇ ਆਪਣੇ ਚੈਸਟ ਨੰਬਰ ਵੱਲ ਇਸ਼ਾਰਾ ਕੀਤਾ | ਦਰਅਸਲ ਫਾਈਨਲ ਤੋਂ ਪਹਿਲਾਂ ਉਸਨੇ ਆਪਣੇ ਚੈਸਟ ਨੰਬਰ ਦੇ ਪਿੱਛੇ ਉਹ ਟਾਈਮ ਲਿਖਿਆ ਹੋਇਆ ਸੀ ਜੋ ਉਹ ਅੱਜ ਹਾਸਲ ਕਰਨਾ ਚਾਹੁੰਦਾ ਸੀ | ਹੈਰਾਨੀ ਦੀ ਗੱਲ ਇਹ ਰਹੀ ਕਿ ਉਸਦੀ ਲਿਖੀ ਹੋਈ ਟਾਈਮ ਅਤੇ ਅਸਲ ਰਿਕਾਰਡ ਟਾਈਮ ਲਗਭਗ ਇੱਕੋ ਜਿਹੀ ਨਿਕਲੀ | ਇਹ ਸਿਰਫ ਇੱਕ ਅੰਦਾਜ਼ਾ ਨਹੀਂ ਸੀ, ਸਗੋਂ ਆਪਣੇ ਆਪ 'ਤੇ ਅਟੁੱਟ ਵਿਸ਼ਵਾਸ, ਸਾਲਾਂ ਦੀ ਮਿਹਨਤ ਅਤੇ ਇੱਕ ਚੈਂਪੀਅਨ ਦੀ ਸੋਚ ਦਾ ਪ੍ਰਤੀਕ ਸੀ | ਜਿਵੇਂ ਗੁਰਿੰਦਰ ਵੀਰ ਨੂੰ ਪਹਿਲਾਂ ਹੀ ਅਹਿਸਾਸ ਹੋਵੇ ਕਿ ਅੱਜ ਇਤਿਹਾਸ ਬਣਨਾ ਹੈ | ਉਸਦਾ ਇਹ ਆਤਮਵਿਸ਼ਵਾਸ ਹੁਣ ਨੌਜਵਾਨ ਖਿਡਾਰੀਆਂ ਲਈ ਇੱਕ ਵੱਡੀ ਪ੍ਰੇਰਣਾ ਬਣ ਗਿਆ ਹੈ | ਦੱਸਣਯੋਗ ਹੈ ਕਿ ਕੱਲ੍ਹ ਸੈਮੀਫਾਈਨਲ ਵਿੱਚ ਪਹਿਲਾਂ ਗੁਰਿੰਦਰਵੀਰ ਸਿੰਘ ਨੇ 10.17 ਸੈਕਿੰਡ ਨਾਲ ਨਵਾਂ ਰਿਕਾਰਡ ਬਣਾਇਆ ਸੀ, ਜਿਸਨੂੰ ਕੁਝ ਹੀ ਮਿੰਟਾਂ ਬਾਅਦ ਉਸਦੇ ਦੋਸਤ ਅਤੇ ਟ੍ਰੇਨਿੰਗ ਸਾਥੀ ਐਨੀਮੇਸ਼ ਕੁਜਰ ਨੇ 10.15 ਸੈਕਿੰਡ ਨਾਲ ਤੋੜ ਦਿੱਤਾ ਸੀ | ਪਰ ਅੱਜ ਫਾਈਨਲ ਵਿੱਚ ਗੁਰਿੰਦਰ ਵੀਰ ਨੇ ਐਸਾ ਸਮਾਂ ਕੱਢਿਆ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ | ਗੁਰਿੰਦਰਵੀਰ ਸਿੰਘ ਦੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਉਸਦੇ ਪੁਰਾਣੇ ਕੋਚ ਸਰਬਜੀਤ ਸਿੰਘ ਹੈਪੀ ਅਤੇ ਮੌਜੂਦਾ ਕੋਚ ਜੇਮਜ ਹੇਲਰ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਸਿਰਫ ਇੱਕ ਰਿਕਾਰਡ ਨਹੀਂ, ਸਗੋਂ ਭਾਰਤੀ ਅਥਲੈਟਿਕਸ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ | ਉਨ੍ਹਾਂ ਕਿਹਾ ਕਿ ਗੁਰਿੰਦਰ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਨੇ ਅੱਜ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ | ਇਸ ਮੌਕੇ ਖੇਡ ਵਿਭਾਗ ਪੰਜਾਬ ਦੇ ਸੈਕਟਰੀ ਸਰਬਜੀਤ ਸਿੰਘ, ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਡਿਪਟੀ ਡਾਇਰੈਕਟਰ ਰਣਬੀਰ ਸਿੰਘ ਭੰਗੂ, ਜਿਲ੍ਹਾ ਖੇਡ ਅਫਸਰ ਜਲੰਧਰ ਗੁਰਪ੍ਰੀਤ ਸਿੰਘ, ਖੇਡ ਵਿਭਾਗ ਦੇ ਸਮੂਹ ਕੋਚਾਂ, ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਦੇ ਪ੍ਰਧਾਨ ਸਤਬੀਰ ਸਿੰਘ ਅਤੇ ਜਨਰਲ ਸਕੱਤਰ ਪ੍ਰੇਮ ਸਿੰਘ ਵੱਲੋਂ ਗੁਰਿੰਦਰਵੀਰ ਸਿੰਘ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਦਿਲੋਂ ਵਧਾਈਆਂ ਦਿੱਤੀਆਂ ਗਈਆਂ | ਇਸਦੇ ਨਾਲ ਹੀ ਕੋਚ ਸਰਬਜੀਤ ਸਿੰਘ ਹੈਪੀ ਨੂੰ ਵੀ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ ਗਈਆਂ ਕਿ ਉਨ੍ਹਾਂ ਦੀ ਮਿਹਨਤ ਅਤੇ ਮਾਰਗਦਰਸ਼ਨ ਸਦਕਾ ਪੰਜਾਬ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਹੋਇਆ ਹੈ | ਖੇਡ ਮਾਹਿਰਾਂ ਦਾ ਮੰਨਣਾ ਹੈ ਕਿ 10.09 ਸੈਕਿੰਡ ਦਾ ਇਹ ਸਮਾਂ ਭਾਰਤੀ ਸਪਿ੍ੰਟਿੰਗ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਦੇਵੇਗਾ | ਗੁਰਿੰਦਰਵੀਰ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਸੁਪਨੇ ਵੱਡੇ ਹੋਣ ਅਤੇ ਮਿਹਨਤ ਸੱਚੀ ਹੋਵੇ ਤਾਂ ਰਿਕਾਰਡ ਵੀ ਛੋਟੇ ਪੈ ਜਾਂਦੇ ਹਨ | ਜੋ ਆਪਣੇ ਸੁਪਨਿਆਂ ਨੂੰ ਪਹਿਲਾਂ ਮਨ ਵਿੱਚ ਜਿੱਤ ਲੈਂਦੇ ਹਨ, ਇਤਿਹਾਸ ਇੱਕ ਦਿਨ ਉਨ੍ਹਾਂ ਦੇ ਨਾਮ ਲਿਖਿਆ ਜਾਂਦਾ ਹੈ |