ਲੋਹੀਆਂ ਖਾਸ (ਜਲੰਧਰ), 8 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਵਿੱਕੀ)-ਲੋਹੀਆਂ 'ਚ ਗੱਡੀ (ਮਹਿੰਦਰਾ ਜਾਇਲੋ ਪਿੱਕਾ) ਨੂੰ ਉਸ ਵੇਲੇ ਭਿਆਨਕ ਅੱਗ ਲੱਗ ਗਈ ਜਦੋਂ ਖਰਾਦ ਵੈਲਡਿੰਗ ਦਾ ਮਕੈਨਿੰਗ ਪਿੱਕੇ ਦੇ ਪਿੱਛੇ ਰੱਖੀ ਹੋਈ ਵਾਧੂ ਡੀਜ਼ਲ ਟੈਂਕੀ ਨੂੰ ਕੋਈ ਵੈਲਡਿੰਗ ਕਰ ਰਿਹਾ ਸੀ, ਇਸ ਹਾਦਸੇ 'ਚ ਮਕੈਨਿੰਗ ਦੀ ਬਾਡੀ ਪੂਰੀ ਤਰ੍ਹਾਂ ਝੁਲਸ ਗਈ ਅਤੇ ੳਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਮਿ੍ਤਕ ਜਸਵੰਤ ਸਿੰਘ ਜੱਸਾ (40) ਪੁੱਤਰ ਕੁਲਦੀਪ ਸਿੰਘ ਪਿੰਡ ਰਾਈਵਾਲ ਬੇਟ ਦਾ ਰਹਿਣ ਵਾਲਾ ਸੀ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ 6:40 ਕੁ ਵਜੇ ਦੇ ਕਰੀਬ ਇੱਕ ਪਿੱਕਾ ਡਰਾਇਵਰ ਆਪਣੇ ਪਿੱਕੇ 'ਚ ਰੱਖੀ ਤੇਲ ਵਾਲੀ ਟੈਂਕੀ ਨੂੰ ਕੋਈ ਟੂਟੀ ਵਗੈਰਾ ਲਗਵਾਉਣ ਲਈ ਲੋਹੀਆਂ ਦੇ 'ਬਾਊ ਪੈਟਰੌਲ ਪੰਪ' ਦੇ ਸਾਹਮਣੇ ਪੈਂਦੇ 'ਜੱਸਾ ਖਰਾਦੀਏ' ਦੀ ਦੁਕਾਨ 'ਤੇ ਲੈ ਕੇ ਆਇਆ ਤਾਂ ਉਥੇ ਹਾਜਰ ਮਿਸਤਰੀ ਜਸਵੰਤ ਸਿੰਘ ਜੱਸਾ ਨੇ ਟੈਂਕੀ ਨੂੰ ਬਿਨ੍ਹਾਂ ਸਾਫ਼ ਕਰਵਾਇਆ ਹੀ ਵੈਲਡਿੰਗ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਫਲਸਰੂਪ ਟੈਂਕੀ ਅੰਦਰ ਬਣੀ ਗੈਸ ਕਾਰਨ ਉਥੇ ਵੱਡਾ ਧਮਾਕਾ ਹੋਇਆ ਅਤੇ ਇਸ ਧਮਾਕੇ ਵਿੱਚ ਮਿਸਤਰੀ ਜਸਵੰਤ ਸਿੰਘ ਜੱਸਾ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਦੱਸਿਆ ਜਾਂਦਾ ਹੈ ਕਿ ਧਮਾਕੇ ਵੇਲੇ ਮਿਸਤਰੀ ਜਸਵੰਤ ਸਿੰਘ ਜੱਸਾ ਨੂੰ ਗੈਸ ਦੇ ਅਚਾਨਕ ਪਏ ਵੱਡੇ ਧਮਾਕੇ ਨੇ ਗੱਡੀ ਤੋਂ ਦੁਕਾਨ ਦੇ ਅੰਦਰ ਵੱਲ ਨੂੰ 15, 16 ਫੁੱਟ ਦੂਰ ਸੁੱਟ ਦਿੱਤਾ ਅਤੇ ਇਸ ਤੋਂ ਬਾਅਦ ਜੱਸਾ ਲੱਗੀ ਹੋਈ ਅੱਗ ਦੇ ਬਾਵਜੂਦ ਰੁੜਦਾ ਹੋਇਆ ਦੁਕਾਨ ਤੋਂ ਬਾਹਰ ਤਾਂ ਆ ਗਿਆ ਪਰ ਭਿਆਨਕ ਅੱਗ ਕਾਰਨ ਉਸ ਦੀ ਕਿਸਮਤ ਹਾਰ ਗਈ ਅਤੇ ਗੱਡੀ ਦੇ ਨੇੜੇ ਹੀ ਉਹ ਵੀ ਸੜਦਾ ਨਜ਼ਰ ਆਇਆ | ਇਸ ਹਾਦਸੇ 'ਚ ਉਥੇ ਖੜ੍ਹਾ ਇੱਕ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਸੜ ਗਿਆ ਹੈ | ਇਸ ਵੇਲੇ ਭਾਵੇਂ ਲੋਹੀਆਂ ਪੁਲਿਸ ਸਮੇਤ ਲੋਕਾਂ ਦੀ ਵੱਡੀ ਭੀੜ ਵੀ ਉਥੇ ਹਾਜ਼ਰ ਸੀ, ਪਰ ਤੇਲ ਵਾਲੀ ਟੈਂਕੀ ਅਤੇ ਗੱਡੀ 'ਚੋਂ ਨਿਕਲਦੀਆਂ ਲਾਟਾਂ ਅਤੇ ਧਮਾਕੇ ਕਿਸੇ ਨੂੰ ਵੀ ਨੇੜੇ ਨਹੀਂ ਸਨ ਜਾਣ ਦਿੰਦੇ, ਜਿਸ ਕਾਰਨ ਅੱਗ 'ਚ ਸੜਦੇ ਮਿਸਤਰੀ ਜਸਵੰਤ ਸਿੰਘ ਜੱਸਾ ਕੋਈ ਬਚਾਅ ਨਾ ਸਕਿਆ | ਕਰੀਬ 40 ਕੁ ਮਿੰਟ ਬਾਅਦ ਪੁੱਜੀ ਫਾਈਰ ਬਿ੍ਗੇਡ ਦੀ ਗੱਡੀ ਨੇ ਆ ਕੇ ਸੜ ਰਹੇ ਪਿੱਕੇ ਅਤੇ ਮੋਟਸਾਈਕਲ ਦੀ ਅੱਗ ਨੂੰ ਬੁਝਾਇਆ | ਦੱਸਿਆ ਜਾਂਦਾ ਹੈ ਕਿ ਪਿੱਕਾ ਡਰਾਇਵਰ ਇਸ ਤੋਂ ਪਹਿਲਾਂ ਦੋ ਹੋਰ ਦੁਕਾਨਦਾਰਾਂ ਕੋਲ ਵੀ ਵੈਲਡਿੰਗ ਕਰਾਉਣ ਲਈ ਗਿਆ ਸੀ, ਪਰ ਉਨ੍ਹਾਂ ਨੇ ਟੈਂਕੀ ਸਾਫ਼ ਨਾ ਹੋਣ ਕਾਰਨ ਮਨ੍ਹਾਂ ਕਰ ਦਿੱਤਾ ਸੀ, ਅਤੇ ਹੋਣੀ ਨੇ ਮਿਸਤਰੀ ਜਸਵੰਤ ਸਿੰਘ ਜੱਸਾ ਨੂੰ ਘੇਰ ਲਿਆ | ਲੋਹੀਆਂ ਪੁਲਿਸ ਦੇ ਥਾਣਾ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਮੁਤਾਬਕ ਮਿ੍ਤਕ ਮਿਸਤਰੀ ਜਸਵੰਤ ਸਿੰਘ ਜੱਸਾ ਜੋ 'ਲੋਹੀਆਂ ਟੀ.ਪੁਆਇੰਟ ਦੇ ਮਸ਼ਹੂਰ ਮਨਜੀਤ ਸਿੰਘ ਖਰਾਦੀਏ' ਦਾ ਭਤੀਜਾ ਹੈ ਅਤੇ ਉਸ ਦੇ ਘਰ ਇੱਕ 8 ਕੁ ਸਾਲ ਦਾ ਬੇਟਾ ਅਤੇ ਪਤਨੀ ਹੈ | ਉਨ੍ਹਾਂ ਦੱਸਿਆ ਕਿ ਮਿਸਤਰੀ ਜਸਵੰਤ ਸਿੰਘ ਜੱਸਾ ਦੀ ਮਿ੍ਤਕ ਦੇਹ ਪੋਸਟ ਮਾਰਟਮ ਲਈ ਨਕੋਦਰ ਭੇਜ ਦਿੱਤੀ ਗਈ ਹੈ |