ਜਲੰਧਰ, 19 ਜੂਨ (ਸ਼ਿਵ)- ਜਲੰਧਰੋਂ ਲੰਘਦੇ ਹਾਈਵੇ-44 ਦੀ ਹਾਈਵੇ ਅਧਿਕਾਰੀਆਂ ਵਲੋਂ ਹਾਲਤ ਲਈ ਸੁਧਾਰ ਕਰਨ ਦੇ ਕਦਮ ਨਾ ਉਠਾਉਣ ਦਾ ਮਾਮਲਾ ਫਿਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਮੇਅਰ ਵਨੀਤ ਧੀਰ ਨੇ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਹਾਈਵੇ ਦੀ ਹਾਲਤ ਵਿਚ ਸੁਧਾਰ ਨਾ ਕਰਨ ਕਰਕੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਇਕ ਤਿੱਖੇ ਲਫ਼ਜ਼ਾਂ ਵਿਚ ਲਿਖੀ ਚਿੱਠੀ ਵਿਚ ਇਸ ਹਾਈਵੇ ਦੀ ਮਾੜੀ ਹਾਲਤ ਦਾ ਮਾਮਲਾ ਉਠਾਇਆ ਹੈ ਸਗੋਂ ਉਨਾਂ ਕਿਹਾ ਕਿ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਇਸ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਹੈ। ਸ੍ਰੀ ਧੀਰ ਨੇ ਇਸ ਤੋਂ ਪਹਿਲ ਵੀ ਸ੍ਰੀ ਗਡਕਰੀ ਅਤੇ ਹਾਈਵੇ ਦੇ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਹਨ। ਇਸ ਤੋਂ ਪਹਿਲਾਂ ਮੇਅਰ ਦਫਤਰ ਵਲੋਂ ਇਕ ਸਖ਼ਤ ਸਖ਼ਤ ਪੱਤਰ 23 ਜੁਲਾਈ 2025 ਨੂੰ ਅੰਬਾਲਾ ਸਥਿਤ ਪ੍ਰੋਜੈਕਟ ਮੈਨੇਜਰ ਅਤੇ 28 ਅਗਸਤ 2025 ਨੂੰ ਮੁੱਖ ਦਫਤਰ ਨੂੰ ਭੇਜੇ ਗਏ ਪੱਤਰ ’ਚ ਹਾਈਵੇ ਦੀ ਮੁਰੰਮਤ ਦੀ ਮੰਗ ਕੀਤੀ ਗਈ ਹੈ। ਮੇਅਰ ਵੱਲੋਂ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਲੰਬਾ ਪਿੰਡ ਤੋਂ ਲੰਘਦਾ ਹਾਈਵੇ-4a4 ਅਤੇ ਓਲਡ ਹੁਸ਼ਿਆਰਪੁਰ ਰੋਡ ਬਿਲਕੁਲ ਖਸਤਾ ਹਾਲਤ ’ਚ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪਏ ਹਨ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਡਰੇਨੇਜ ਸਿਸਟਮ ਪੂਰੀ ਤਰ੍ਹਾਂ ਫ਼ੇਲ੍ਹ ਹੈ, ਜਿਸ ਕਾਰਨ ਮਾਨਸੂਨ ’ਚ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ। ਸੈਂਟਰਲ ਵਰਜ ਅਤੇ ਸਾਈਡ ਬਰਮਾਂ ਦੀ ਮੁਰੰਮਤ ਦੀ ਤੁਰੰਤ ਲੋੜ ਹੈ। ਕਈ ਥਾਵਾਂ ’ਤੇ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਰਾਤ ਨੂੰ ਸਫ਼ਰ ਖ਼ਤਰਨਾਕ ਹੋ ਗਿਆ ਹੈ। ਇਹ ਹਾਈਵੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ਼੍ਰੀ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਖ ਰਸਤਾ ਹੈ। ਮੇਅਰ ਨੇ ਕਿਹਾ ਕਿ ਖਸਤਾ ਹਾਲਤ ਕਾਰਨ ਪ੍ਰਸ਼ਾਸਨ ਦੀ ਛਵੀ ਵੀ ਖ਼ਰਾਬ ਹੋ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਇਸ ਹਾਈਵੇ ’ਤੇ ਟੋਲ ਟੈਕਸ ਤਾਂ ਭਰਦੇ ਹਨ, ਪਰ ਬਦਲੇ ’ਚ ਸਹੂਲਤਾਂ ਨਾ ਦੇ ਬਰਾਬਰ ਹਨ। ਪੱਤਰ ’ਚ ਦੋਸ਼ ਲਾਇਆ ਗਿਆ ਹੈ ਕਿ ਨਗਰ ਨਿਗਮ ਨੇ ਇਸ ਮੁੱਦੇ ’ਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ, ਪਰ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ। ਮੇਅਰ ਨੇ ਚੇਤਾਵਨੀ ਦਿੱਤੀ ਹੈ ਕਿ ਮਾਨਸੂਨ ਸਿਰ ’ਤੇ ਹੈ ਅਤੇ ਜੇ ਤੁਰੰਤ ਮੁਰੰਮਤ ਨਾ ਹੋਈ ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ। ਉਨ੍ਹਾਂ ਨੇ ਸਥਾਨਕ ਹਾਈਵੇ ਅਧਿਕਾਰੀਆਂ ਅਤੇ ਮੁਰੰਮਤ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਕੁੱਝ ਦਿਨ ਪਹਿਲਾਂ ਹੀ ਮੀਂਹ ਪੈਣ ਕਰਕੇ ਇਸ ਰੋਡ ਦੀ ਹਾਲਤ ਹੋਰ ਵੀ ਕਾਫੀ ਖ਼ਰਾਬ ਹੋ ਗਈ ਸੀ ਤਾਂ ਟ੍ਰੈਫਿਕ ਜਾਮ ਹੋ ਗਿਆ ਸੀ।