ਜਲੰਧਰ, 19 ਜੂਨ (ਸ਼ਿਵ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਪਹਿਲੀ ਬਾਰ ਜਲੰਧਰ ਆਗਮਨ ਨੂੰ ਲੈ ਕੇ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਸਵਾਗਤ ਲਈ 20 ਜੂਨ ਨੂੰ ਕੱਢੇ ਜਾਣ ਵਾਲੇ ਵਿਸ਼ਾਲ ਰੋਡ ਸ਼ੋਅ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਭਾਜਪਾ ਆਗੂਆਂ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕੀਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦਾ ਪੰਜਾਬ ਦੌਰਾ ਸੂਬੇ ਦੀ ਰਾਜਨੀਤੀ ਵਿਚ ਬਦਲਾਅ ਦਾ ਨਵਾਂ ਅਧਿਆਇ ਲਿਖੇਗਾ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਪੰਜਾਬ ਦੇ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਜਾ ਰਹੀ ਹੈ ਅਤੇ ਰਾਸ਼ਟਰੀ ਪ੍ਰਧਾਨ ਦਾ ਇਹ ਦੌਰਾ ਵਰਕਰਾਂ ਵਿਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰੇਗਾ। ਸੁਸ਼ੀਲ ਸ਼ਰਮਾ ਨੇ ਦੱਸਿਆ ਕਿ 20 ਜੂਨ ਨੂੰ ਸ਼ਾਮ 7 ਵਜੇ ਪ੍ਰਭੂ ਸ਼੍ਰੀ ਰਾਮ ਚੌਕ ਤੋਂ ਭਗਵਾਨ ਵਾਲਮੀਕੀ ਚੌਕ ਤੱਕ ਇੱਕ ਵਿਸ਼ਾਲ ਅਤੇ ਇਤਿਹਾਸਕ ਰੋਡ ਸ਼ੋਅ ਕੱਢਿਆ ਜਾਵੇਗਾ। ਇਸ ਰੋਡ ਸ਼ੋਅ ਵਿਚ ਭਾਜਪਾ ਦਾ ਸੂਬਾਈ ਆਗੂ ਸੀਨੀਅਰ ਆਗੂ, ਜ਼ਿਲ੍ਹਾ ਅਹੁਦੇਦਾਰ, ਮੰਡਲ ਅਹੁਦੇਦਾਰ, ਸ਼ਕਤੀ ਕੇਂਦਰਾਂ ਅਤੇ ਬੂਥ ਪੱਧਰ ਤੱਕ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜਲੰਧਰ ਦੀ ਜਨਤਾ ਵੀ ਰਾਸ਼ਟਰੀ ਪ੍ਰਧਾਨ ਦੇ ਨਿੱਘੇ ਸਵਾਗਤ ਲਈ ਉਤਸ਼ਾਹਿਤ ਹੈ। ਮੀਟਿੰਗ ਦੌਰਾਨ ਰੋਡ ਸ਼ੋਅ ਦੇ ਰੂਟ, ਸੁਰੱਖਿਆ ਪ੍ਰਬੰਧਾਂ, ਟ੍ਰੈਫਿਕ ਪ੍ਰਬੰਧਨ ਅਤੇ ਹੋਰ ਲੋੜੀਂਦੇ ਇੰਤਜ਼ਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।ਭਾਜਪਾ ਆਗੂਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕਰਦੇ ਹੋਏ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਰੂਪ-ਰੇਖਾ ਤਿਆਰ ਕੀਤੀ। ਮੀਟਿੰਗ ਵਿਚ ਭਾਜਪਾ ਜ਼ਿਲ੍ਹਾ ਮਹਾ ਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਯਸ਼ਪਾਲ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਦਵਿੰਦਰ ਕਾਲੀਆ, ਲਲਿਤ ਯਾਦਵ ਬੱਬੂ, ਜ਼ਿਲ੍ਹਾ ਸਕੱਤਰ ਅਮਿੱਤ ਭਾਟੀਆ, ਸਨੀ ਸ਼ਰਮਾ, ਗੌਰਵ ਰਾਏ, ਹਿਮਾਂਸ਼ੂ ਸ਼ਰਮਾ ਅਤੇ ਸ਼ੁਭਮ ਗੁਪਤਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਵਿਚ ਡੀ.ਸੀ.ਪੀ. ਜਯੰਤ ਪੁਰੀ, ਏ.ਡੀ.ਸੀ.ਪੀ. ਸੁਖਵਿੰਦਰ ਸਿੰਘ, ਏ.ਸੀ.ਪੀ. ਨਾਰਥ ਅਸ਼ੋਕ ਮੀਣਾ, ਥਾਣਾ ਡਿਵੀਜ਼ਨ ਨੰਬਰ-3 ਦੇ ਐੱਸ.ਐੱਚ.ਓ. ਜਿਤਿੰਦਰ ਸਿੰਘ ਅਤੇ ਥਾਣਾ ਨੰਬਰ-4 ਦੇ ਡਿਊਟੀ ਅਫ਼ਸਰ ਹੀਰਾ ਲਾਲ ਵੀ ਮੌਜੂਦ ਸਨ।
ਨਿਤਿਨ ਨਬੀਨ ਦਾ ਰੋਡ ਸ਼ੋਅ ਅੱਜ-ਭਾਜਪਾ ਆਗੂਆਂ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਅਜੀਤ ਡੈਸਕ
20-06-2026