ਗੁਰਾਇਆ, 10 ਜੁਲਾਈ (ਬਲਵਿੰਦਰ ਸਿੰਘ)- ਇੱਥੇ ਦਾ ਰੇਲਵੇ ਸਟੇਸ਼ਨ ਰੇਲ ਗੱਡੀਆਂ ਦੇ ਠਹਿਰਾਓ ਨਾ ਹੋਣ ਕਾਰਨ ਬੇਰੌਣਕ ਅਤੇ ਸੁੰਨਸਾਨ ਹੈ,ਉੱਥੇ ਲੋਕ ਵੀ ਗੱਡੀਆਂ ਨਾ ਰੁਕਣ ਕਾਰਨ ਪ੍ਰੇਸ਼ਾਨ ਹਨ। ਇਹ ਰੇਲਵੇ ਸਟੇਸ਼ਨ ਨਾਲ ਗੁਰਾਇਆ ਸ਼ਹਿਰ ਦੇ ਨਾਲ ਨਾਲ ਤਕਰੀਬਨ 30 ਪਿੰਡ ਲੱਗਦੇ ਹਨ, ਪਰ ਰੇਲਵੇ ਸਟੇਸ਼ਨ ‘ਤੇ ਗੱਡੀਆਂ ਦਾ ਠਹਿਰਾਓ ਨਾ ਹੋਣ ਕਾਰਨ ਲੋਕਾਂ ਨੂੰ ਜਲੰਧਰ, ਲੁਧਿਆਣਾ,ਫਗਵਾੜਾ ਜਾਂ ਫਿਲੌਰ ਦੇ ਰੇਲਵੇ ਸਟੇਸ਼ਨਾਂ ਤੋਂ ਗੱਡੀ ਫੜਨੀ ਪੈਂਦੀ ਹੈ। ਗੁਰਾਇਆ ਸਨਅਤੀ ਸ਼ਹਿਰ ਹੈ, ਇੱਥੋਂ ਦਾ ਬਣਿਆ ਮਾਲ ਦੇਸ਼ ਵਿਦੇਸ਼ ਵਿਚ ਸਪਲਾਈ ਹੁੰਦਾ ਹੈ। ਦੇਸ਼ ਭਰ ਵਿਚੋਂ ਵਪਾਰੀਆਂ ਦਾ ਆਉਣ ਜਾਣ ਗੁਰਾਇਆ ਲੱਗਾ ਰਹਿੰਦਾ ਹੈ ਪਰ ਰੇਲਵੇ ਸਟੇਸ਼ਨ ‘ਤੇ ਗੱਡੀਆਂ ਨਾ ਰੁਕਣ ਕਾਰਨ ਵਪਾਰੀ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਹੋਰ ਸਟੇਸ਼ਨਾਂ ‘ਤੇ ਉਤਰ ਕੇ ਗੁਰਾਇਆ ਆਉਣਾ ਪੈਂਦਾ ਹੈ। ਇਹ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਅਧੀਨ ਪੈਂਦਾ ਹੈ। ਇਹ ਬੀ ਕਲਾਸ ਦਾ ਰੇਲਵੇ ਸਟੇਸ਼ਨ ਹੈ। ਕੇਂਦਰ ਸਰਕਾਰ ਵਲੋਂ ਰੇਲਵੇ ਸਟੇਸ਼ਨਾਂ ਦੀ ਸਾਂਭ ਸੰਭਾਲ ਦੀ ਨੀਤੀ ਤਹਿਤ ਇਸ ਨੂੰ ਹਾਈ ਲੈਵਲ ਰੇਲਵੇ ਸਟੇਸ਼ਨ ਬਣਾਇਆ ਗਿਆ ਹੈ। ਜਿਸ ਨਾਲ ਯਾਤਰੀਆਂ ਨੂੰ ਗੱਡੀ ਵਿਚ ਚੜ੍ਹਨਾ ਉੱਤਰਨਾ ਆਸਾਨ ਹੋ ਗਿਆ ਹੈ। ਇੱਥੇ ਪੀਣ ਦੇ ਠੰਢੇ ਪਾਣੀ ਦਾ ਪ੍ਰਬੰਧ ਵੀ ਹੈ। ਸਟੇਸ਼ਨ ‘ਤੇ ਪੈਸੰਜਰ ਡੀ.ਐਮ.ਯੂ. ਰੁਕਦੇ ਹਨ । ਦਾਦਰ ਐਕਸਪ੍ਰੈੱਸ ਅੱਪ ਦੁਪਹਿਰ ਡੇਢ ਵਜੇ ਰੁਕਦੀ ਹੈ। ਸਵੇਰੇ ਹਿਸਾਰ ਤੋਂ ਅੰਮ੍ਰਿਤਸਰ ਪੈਸੰਜਰ ਗੱਡੀ ਰੁਕਦੀ ਹੈ। ਪਰ ਇਸ ਤੋਂ ਇਲਾਵਾ ਲੰਬੀ ਦੂਰੀ ਦੀਆਂ ਗੱਡੀਆਂ ਨਹੀਂ ਰੁਕਦੀਆਂ। ਛੱਤੀਸਗੜ੍ਹ ਐਕਸਪ੍ਰੈੱਸ ਪਹਿਲਾਂ ਰੁਕਦੀ ਸੀ ਪਰ ਹੁਣ ਉਸ ਦਾ ਸਟਾਪ ਵੀ ਬੰਦ ਕਰ ਦਿੱਤਾ ਗਿਆ ਹੈ। ਸਟੇਸ਼ਨ ‘ਤੇ ਲਾਈਟਾਂ ਲੱਗੀਆਂ ਹੋਈਆ ਹਨ। ਬਾਥਰੂਮਾਂ ਦੀ ਹਾਲਤ ਬਿਹਤਰ ਨਹੀਂ ਹੈ। ਮਹੀਨੇ ਭਰ ਵਿਚ ਟਿਕਟਾਂ ਦੀ ਵਿੱਕਰੀ ਦਸ ਹਜ਼ਾਰ ਦੇ ਆਸ ਪਾਸ ਮਸੀਂ ਹੁੰਦੀ ਹੈ। ਇੱਥੇ ਵੀਲ੍ਹ ਚੇਅਰ ਦੀ ਸੁਵਿਧਾ ਉਪਲਬਧ ਹੈ। ਇੱਥੇ ਰਾਜੇਸ਼ ਕੁਮਾਰ ਬਤੌਰ ਸਟੇਸ਼ਨ ਮਾਸਟਰ ਤਾਇਨਾਤ ਹਨ। ਸੁਰੱਖਿਆ ਦੇ ਨਾਮ ‘ਤੇ ਰੇਲਵੇ ਪੁਲਿਸ ਦੀ ਗੁਰਾਇਆ ਚੌਂਕੀ ਹੈ ਜਿਸ ਦੇ ਇੰਚਾਰਜ ਪ੍ਰੇਮ ਨਾਥ ਏ.ਐੱਸ.ਆਈ. ਹਨ। ਉਨ੍ਹਾਂ ਦੇ ਨਾਲ ਪੰਜ ਹੋਰ ਮੁਲਾਜ਼ਮ ਡਿਊਟੀ ਕਰਦੇ ਹਨ। ਵਿਭਾਗ ਵਲੋਂ ਰੇਲਵੇ ਸਟੇਸ਼ਨ ‘ਤੇ ਫ਼ਰਸ਼ ਟਾਈਲਾਂ ਲਗਾਈਆਂ ਗਈਆਂ ਹਨ ਪਰ ਕੁੱਝ ਥਾਵਾਂ ਤੇ ਅਜੇ ਟਾਈਲਾਂ ਲੱਗਣ ਵਾਲੀਆਂ ਹਨ ਜਿਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਲਗਾਇਆ ਜਾਣਾ ਚਾਹੀਦਾ ਹੈ। ਲੰਬੀ ਦੂਰੀ ਦੀਆਂ ਗੱਡੀਆਂ ਰੋਕਣ ਦੀ ਮੰਗ-ਹਰਜੀਵਨ ਜੈਨ-ਦੀ ਗੁਰਾਇਆ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਵਨ ਕੁਮਾਰ ਜੈਨ ਨੇ ਗੱਲਬਾਤ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਖ਼ੂਬਸੂਰਤ ਰੇਲਵੇ ਸਟੇਸ਼ਨ ਤਾਂ ਹੈ ਪਰ ਇੱਥੇ ਗੱਡੀਆਂ ਦਾ ਠਹਿਰਾਓ ਨਾ ਦੇ ਬਰਾਬਰ ਹੈ, ਸਰਕਾਰ ਨੂੰ ਇੱਥੇ ਲੰਬੀ ਦੂਰੀਆਂ ਦੀਆਂ ਗੱਡੀਆਂ ਦਾ ਠਹਿਰਾਓ ਜ਼ਰੂਰੀ ਅਤੇ ਜਲਦੀ ਕਰਨਾ ਚਾਹੀਦਾ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਗੁਰਾਇਆ ਦੇ ਵਪਾਰੀਆਂ ਨੂੰ ਆਉਣ ਜਾਣ ਲਈ ਹੋਰ ਰੇਲਵੇ ਸਟੇਸ਼ਨਾਂ ਤੇ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੀ ਐਸੋਸੀਏਸ਼ਨ ਵਲੋਂ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਇੱਥੇ ਲੰਬੀ ਦੂਰੀ ਦੀਆਂ ਗੱਡੀਆਂ ਨੂੰ ਰੋਕਣ ਲਈ ਮੰਗ ਕਰਨਗੇ। ਸੁੰਦਰੀਕਰਨ ਕੀਤਾ ਜਾਵੇ- ਸੁਸ਼ੀਲ ਆਹੂਜਾ ਸਾਬਕਾ ਮੈਂਬਰ ਉਤਰ ਰੇਲਵੇ ਐਡਵਾਈਜ਼ਰੀ ਕਮੇਟੀ ਨੇ ਕਿਹਾ ਹੈ ਕਿ ਕੋਰੋਨਾ ਸਮੇਂ ਦੌਰਾਨ ਜੋ ਗੱਡੀਆਂ ਗੁਰਾਇਆ ਰੇਲਵੇ ਸਟੇਸ਼ਨ ‘ਤੇ ਰੁਕਣੀਆਂ ਬੰਦ ਹੋਈਆ ਸਨ,ਉਹ ਦੁਬਾਰਾ ਇੱਥੇ ਰੁਕਣੀਆਂ ਸ਼ੁਰੂ ਨਹੀਂ ਹੋਈਆ। ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਉਨ੍ਹਾਂ ਗੱਡੀਆਂ ਦਾ ਠਹਿਰਾਓ ਇੱਥੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹਰੇਕ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਪਰ ਗੁਰਾਇਆ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਗੁਰਾਇਆ ਰੇਲਵੇ ਸਟੇਸ਼ਨ ਵਲ ਵੀ ਧਿਆਨ ਦਿੱਤਾ ਜਾਵੇ।