ਜਲੰਧਰ, 21 ਜੁਲਾਈ (ਪਵਨ ਖਰਬੰਦਾ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਅਰਜੁਨ ਨਗਰ ਵੱਲੋਂ ਫੈਮਿਲੀ ਸਪੋਰਟਸ ਡੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਖੇਡਾਂ, ਸਿਹਤਮੰਦ ਜੀਵਨਸ਼ੈਲੀ, ਟੀਮ ਭਾਵਨਾ ਅਤੇ ਪਰਿਵਾਰਕ ਏਕਤਾ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਸਿਹਤਮੰਦ ਤੇ ਸਰਗਰਮ ਜੀਵਨ ਜੀਊਣ ਲਈ ਪ੍ਰੇਰਿਤ ਕਰਨਾ ਸੀ । ਸਕੂਲ ਦਾ ਪੂਰਾ ਕੈਂਪਸ ਖੁਸ਼ੀ ਅਤੇ ਜੋਸ਼ ਨਾਲ ਗੂੰਜ ਉੱਠਿਆ, ਜਿੱਥੇ ਮਾਪਿਆਂ ਅਤੇ ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਰਿਲੇ ਦੌੜ, ਰੱਸਾਕਸੀ, ਫਨ ਰੇਸ, ਆਬਸਟੈਕਲ ਰੇਸ ਅਤੇ ਵੱਖ-ਵੱਖ ਟੀਮ ਖੇਡਾਂ ਕਰਵਾਈਆਂ ਗਈਆਂ। ਮਾਪਿਆਂ ਦੀ ਉਤਸ਼ਾਹਪੂਰਣ ਭਾਗੀਦਾਰੀ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਅਤੇ ਯਾਦਗਾਰ ਬਣਾ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਫੈਮਿਲੀ ਸਪੋਰਟਸ ਡੇ ਵਰਗੇ ਪ੍ਰੋਗਰਾਮ ਸਿਰਫ਼ ਸਰੀਰਕ ਤੰਦਰੁਸਤੀ ਨੂੰ ਹੀ ਨਹੀਂ, ਸਗੋਂ ਸਹਿਯੋਗ, ਖੇਡ ਭਾਵਨਾ, ਆਪਸੀ ਸਤਿਕਾਰ ਅਤੇ ਪਰਿਵਾਰਕ ਏਕਤਾ ਵਰਗੀਆਂ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰਦੇ ਹਨ । ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਅਰਥਪੂਰਨ ਪਹਿਲ ਲਈ ਸਕੂਲ ਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।