ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ) - ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸੈਂਕੜੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਕ੍ਰਿਸਚੀਅਨ ਨੈਸ਼ਨਲ ਫਰੰਟ ਵਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਹੈ। ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ 29 ਵਿਦਿਆਰਥੀਆਂ ਵਲੋਂ ਨੀਟ ਪੇਪਰ ਲੀਕ ਮਾਮਲੇ ਕਰਕੇ ਕੀਤੀ ਆਤਮਹੱਤਿਆ ਲਈ ਜ਼ਿੰਮੇਵਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਬੀਤੇ ਕੱਲ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸੈਂਕੜੇ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ, ਅਮਿਤ ਸ਼ਾਹ ਅਤੇ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲਿਸ ਦੁਆਰਾ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਘਟਨਾ ਘੋਰ ਨਿੰਦਨ ਯੋਗ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ’ਤੇ ਕੇਂਦਰ ਸਰਕਾਰ ਦੇ ਇਸ ਜ਼ੁਲਮ ਨੇ ਜਰਨਲ ਡਾਇਰ ਦੇ ਜਲਿਆਂਵਾਲਾ ਬਾਗ ਦੇ ਜ਼ੁਲਮ ਨੂੰ ਯਾਦ ਕਰਵਾ ਦਿੱਤਾ ਹੈ। ਇਸ ਕਾਰਵਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਫਾਸ਼ੀਵਾਦੀ ਹੈ, ਕਿਉਂਕਿ ਕੋਈ ਵੀ ਲੋਕਤੰਤਰਿਕ ਸਰਕਾਰ ਆਪਣੇ ਲੋਕਾਂ ਤੇ ਖ਼ਾਸ ਕਰ ਬੱਚਿਆਂ ’ਤੇ ਜ਼ੁਲਮ ਨਹੀਂ ਕਰਦੀ। ਉਨ੍ਹਾਂ ਵਿਦਿਆਰਥੀਆਂ ਨੂੰ ਅਰਬਨ ਨਕਸਲੀ ਅਤੇ ਪਾਕਿਸਤਾਨੀ ਕਹਿਣ ਵਾਲੇ ਭਾਜਪਾ ਨੇਤਾਵਾਂ ਦੇ ਬਿਆਨਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਿੱਛਲੇ 20 ਦਿਨ ਤੋਂ ਸ਼ਾਂਤੀਪੂਰਨ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਕੇਂਦਰ ਦੀ ਫਾਸ਼ੀਵਾਦ ਸਰਕਾਰ ਨੇ ਗੱਲਬਾਤ ਕਰਨ ਦੀ ਬਜਾਏ ਭੁੱਖ ਹੜਤਾਲ ’ਤੇ ਬੈਠੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਘੜੀਸ ਕੇ ਲਿਜਾਣਾ ਅਤੇ ਪੁਲਿਸ ਦੇ ਜਬਰ ਨਾਲ ਵਿਦਿਆਰਥੀਆਂ ਦੇ ਧਰਨੇ ਨੂੰ ਖਤਮ ਕਰਨਾ ਮੋਦੀ ਦੇ ਤਾਨਾਸ਼ਾਹੀ ਰਵੱਈਏ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਵਲੋਂ ਕੀਤੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਸਮੇਤ ਬਾਕੀ ਮੰਗਾਂ ਮੰਨਣ ਲਈ, ਕੇਂਦਰ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਹੁਜਨ ਐਕਸ਼ਨ ਫਰੰਟ ਦੇ ਬੈਨਰ ਹੇਠ ਜਥੇਬੰਦੀਆਂ ਦੇ ਨੇਤਾਵਾਂ ਦੀ ਅੱਜ ਹੋਈ ਵਰਚੂਅਲ ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ ਵਿਦਿਆਰਥੀਆਂ ’ਤੇ ਹੋਏ ਜ਼ੁਲਮ ਦੇ ਵਿਰੋਧ ’ਚ ਕੇਂਦਰ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।