ਜਲੰਧਰ, 31 ਜੁਲਾਈ (ਪਵਨ ਖਰਬੰਦਾ)- ਆਲ ਪੰਜਾਬ ਆਂਗਣਬਾੜੀ ਮੁਲਾਜ਼ਮ ਯੂਨੀਅਨ ਵਲੋਂ ਅੱਜ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਕੀਤੇ ਵਾਅਦੇ ਤੋਂ ਮੁਕਰ ਗਈ ਹੈ, ਜਿਸ ਦੇ ਰੋਸ ਵਜੋਂ ਸਾਨੂੰ ਅੱਜ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਧਰਨਾ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੀ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਆਉਣ ’ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੋਗੁਣਾ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਸਾਢੇ ਚਾਰ ਸਾਲ ਦਾ ਸਮਾਂ ਹੋ ਗਿਆ ਪ੍ਰੰਤੂ ਹੁਣ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਮੰਗ ’ਤੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਉਲਟਾ ਜਦੋਂ ਤੋਂ ਇਹ ਸਰਕਾਰ ਆਈ ਹੈ ਮਾਣ ਭੱਤਾ ਦੋਗੁਣਾ ਕੀ ਕਰਨਾ ਸੀ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਮੇਂ ਤੇ ਜਿਹੜਾ ਮਾਣ ਭੱਤਾ ਮਿਲਦਾ ਉਹ ਵੀ ਨਹੀਂ ਦਿੱਤਾ ਜਾ ਰਿਹਾ ਆਂਗਣਵਾੜੀ ਕੇਂਦਰਾਂ ਦੇ ਵਿਚ ਆ ਰਿਹਾ ਰਾਸ਼ਨ ਬੇਹਦ ਘਟੀਆ ਕੁਆਲਿਟੀ ਦਾ ਹੈ ਜੋ ਪ੍ਰਾਈਵੇਟ ਕੰਪਨੀਆਂ ਅਤੇ ਐਨਜੀਓ ਰਾਹੀਂ ਦਿੱਤਾ ਜਾ ਰਿਹਾ ਹੈ। ਮਾਵਾਂ ਅਤੇ ਬੱਚਿਆਂ ਦੀ ਸਿਹਤ ਨਾਲ ਖਲਵਾੜ ਹੋ ਰਿਹਾ ਹੈ ਅਤੇ ਇਸ ਰਾਸ਼ਨ ਵਿੱਚ ਕਰੋੜਾਂ ਰੁਪਏ ਦਾ ਸਕੈਮ ਚੱਲ ਰਿਹਾ ਹੈ। ਆਂਗਣਵਾੜੀ ਕੇਂਦਰਾਂ ਵਿੱਚੋਂ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਗਏ ਬੱਚੇ ਵਾਪਸ ਆਂਗਣਵਾੜੀਆਂ ਵਿੱਚ ਨਹੀਂ ਭੇਜੇ ਗਏ ਤੇ ਨਵੀਂ ਭਰਤੀ ਦੇ ਵਿੱਚ ਵੱਡੇ ਪੱਧਰ ’ਤੇ ਘਪਲਾ ਹੋਇਆ ਹੈ। ਮਾਵਾਂ ਧੀਆਂ ਸਕੀਮ ਵਿੱਚ ਆਂਗਣਵਾੜੀ ਵਰਕਰਾਂ ਕੋਲੋਂ ਕੰਮ ਲੈ ਕੇ ਸਰਕਾਰ ਨੇ ਵਰਕਰਾਂ ਨੂੰ ਪ੍ਰਤੀ ਲਾਭਪਾਤਰੀ 25 ਰੁਪਏ ਦਿੱਤੇ ਹਨ ਹੈਲਪਰ ਨੂੰ ਕੁਝ ਨਹੀਂ ਦਿੱਤਾ। ਵਲੰਟੀਅਰ ਲਾਈ ਗਈ ਸਖੀ ਨੂੰ 300 ਰੂਪਏ ਪ੍ਰਤੀ ਫਾਰਮ ਦਿੱਤਾ ਹੈ ਜੋ ਕਿ ਸ਼ਰੇਆਮ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਧੱਕਾ ਹੈ ਅਤੇ ਸਰਕਾਰੀ ਪੈਸੇ ਦੀ ਆਪਣੀ ਪਾਰਟੀ ਦੇ ਬੰਦਿਆਂ ਨੂੰ ਦੇ ਕੇ ਦੁਰਵਰਤੋਂ ਕੀਤੀ ਜਾ ਰਹੀ। ਇਸ ਦੌਰਾਨ ਉਨ੍ਹਾਂ ਮੰਤਰੀ ਮਹਿੰਦਰ ਭਗਤ ਨੂੰ ਮੰਗ ਪੱਤਰ ਵੀ ਦਿੱਤਾ।