ਭਾਜਪਾ ਨੇ ਸ਼ਰਾਬ ਦੀ ਬਰਾਮਦਗੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਜਲੰਧਰ , ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਦੀ ਅਗਵਾਈ ਵਿਚ ਇਕ ਭਾਜਪਾ ਆਗੂਆਂ ਨੇ ਆਬਕਾਰੀ ਵਿਭਾਗ ਦੇ ਡੀ . ਈ .
ਜਲੰਧਰ , ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਦੀ ਅਗਵਾਈ ਵਿਚ ਇਕ ਭਾਜਪਾ ਆਗੂਆਂ ਨੇ ਆਬਕਾਰੀ ਵਿਭਾਗ ਦੇ ਡੀ . ਈ . ਟੀ . ਸੀ . ਰਣਜੀਤ ਸਿੰਘ ਨੂੰ ਮੰਗ ਪੱਤਰ ਦੇ ਕੇ 700 ਪੇਟੀਆਂ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਇਸ ਮਾਮਲੇ ਵਿਚ ਕੇਂਦਰੀ ਏਜੰਸੀਆਂ ਨੂੰ ਜਾਂਚ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ । ਉਨਾਂ ਨਾਲ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ , ਸ਼ੀਤਲ ਅੰਗੁਰਾਲ , ਅਮਰਜੀਤ ਸਿੰਘ ਅਮਰੀ , ਸੁਸ਼ੀਲ ਸ਼ਰਮਾ , ਰਾਜੇਸ਼ ਕਪੂਰ ਤੇ ਹੋਰ ਆਗੂ ਸ਼ਾਮਿਲ ਸਨ । ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਇਹ ਬਰਾਮਦਗੀ ਸਿਰਫ਼ ਇਕ ਗੋਦਾਮ ਦੀ ਹੈ । ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਿਰਫ਼ ਜਲੰਧਰ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਗੈਰ - ਕਾਨੂੰਨੀ ਸ਼ਰਾਬ ਦਾ ਇੱਕ ਸੁਚੱਜਾ ਨੈੱਟਵਰਕ ਸਰਗਰਮ ਹੈ ਅਤੇ ਸਰਕਾਰ ਦਾ ਖ਼ੁਫ਼ੀਆ ਤੰਤਰ ਇਸ ’ ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਵਿਚ ਨਾਕਾਮ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਮੁੱਖ ਤਸਕਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇ । ਆਗੂਆਂ ਨੇ ਕਿਹਾ ਕਿ ਕੰਪਨੀ ਦੇ ਨਾਂਅ ’ ਤੇ ਇਹ ਸ਼ਰਾਬ ਤਿਆਰ ਕੀਤੀ ਗਈ ਹੈ , ਉਸ ਦੇ ਲਾਇਸੈਂਸ , ਸ਼ਰਾਬ ਪਲਾਂਟ ਅਤੇ ਪੂਰੇ ਉਤਪਾਦਨ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ । ਇਸ ਦੇ ਨਾਲ ਹੀ ਬਰਾਮਦ ਕੀਤੀ ਗਈ ਸ਼ਰਾਬ ਦੇ ਸੈਂਪਲ ਸਰਕਾਰੀ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਜਾਣ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਕਿਤੇ ਇਹ ਜ਼ਹਿਰੀਲੀ ਜਾਂ ਮਨੁੱਖੀ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਸੀ । ਜੇਕਰ ਵੈਸਟ ਵਿਧਾਨ ਸਭਾ ਹਲਕੇ ਵਿਚ ਇੰਨਾ ਵੱਡਾ ਗੈਰ - ਕਾਨੂੰਨੀ ਸ਼ਰਾਬ ਦਾ ਜ਼ਖ਼ੀਰਾ ਫੜਿਆ ਗਿਆ ਹੈ ਤਾਂ ਇਸ ਬਾਰੇ ਸ਼ੰਕਾ ਹੈ ਕਿ ਜਲੰਧਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿਚ ਵੀ ਇਸ ਤਰ੍ਹਾਂ ਦੇ ਕਈ ਗੈਰ - ਕਾਨੂੰਨੀ ਡੰਪ ਚੱਲ ਰਹੇ ਹੋ ਸਕਦੇ ਹਨ । ਸਾਰੇ ਆਗੂਆਂ ਨੇ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਦੀ ਨਸ਼ਾ ਅਤੇ ਸ਼ਰਾਬ ਤਸਕਰੀ ਮਾਮਲਿਆਂ ਵਿਚ ਦੋਹਰੀ ਨੀਤੀ ਅਤੇ ਕਥਨੀ - ਕਰਨੀ ਦੇ ਫ਼ਰਕ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਵੇ ਕਿ ਦੂਜੇ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਜ਼ਮਾਨਤੀ ਧਾਰਾਵਾਂ ਨੂੰ ਖ਼ਤਮ ਕਰਕੇ ਗੈਰ - ਜ਼ਮਾਨਤੀ ਧਾਰਾਵਾਂ ਲਾਗੂ ਕਰਨ ਲਈ ਕਾਨੂੰਨ ਬਣਾਇਆ ਜਾਵੇ ।