ਜੂੰ ਦੀ ਚਾਲੇ ਚੱਲ ਰਿਹੈ ਸਰਕਾਰ ਦਾ ਈ - ਸੇਵਾ ਪੋਰਟਲ , ਜ਼ਿਲ੍ਹੇ ’ ਚ ਵੱਖ - ਵੱਖ ਸਰਟੀਫਿਕੇਟਾਂ ਦੀ ਹੋਈ 1 ਲੱਖ ਪੈਂਡੈਂਸੀ
ਵੱਖ-ਵੱਖ ਸਰਕਾਰੀ ਦਸਤਾਵੇਜ਼ ਤਿਆਰ ਕਰਵਾਉਣ ਲਈ ਲੋਕਾਂ ਨੂੰ ਹੋਣਾ ਪੈ ਰਿਹਾ ਖੱਜਲ
ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਤੋਂ ਦਸਤਾਵੇਜ਼ ਤਿਆਰ ਕਰਵਾਉਣ ਤੇ ਹੋਰ ਸੇਵਾਵਾਂ ਲਈ ਬਣਾਇਆ ਗਿਆ ਈ - ਸੇਵਾ ਪੋਰਟਲ ਸੇਵਾ ਦਾ ਲਾਭ ਲੈਣ ਵਾਲੇ ਬਿਨੈਕਾਰਾਂ ਲਈ ਖੱਜਲ - ਖੁਆਰੀ ਦਾ ਸਬੱਬ ਬਣਿਆ ਹੋਇਆ ਹੈ । ਪਿਛਲੇ ਲੰਮੇਂ ਸਰਕਾਰ ਦਾ ਈ - ਸੇਵਾ ਪੋਰਟਲ ਸਮੇਂ ਤੋਂ ਜੂੰ ਦੀ ਚਾਲੇ ਰਿਹਾ ਹੈ , ਜਿਸ ਕਾਰਨ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦਾ ਲਾਭ ਨਹੀਂ ਮਿਲਾ ਰਿਹਾ ਅਤੇ ਉਨ੍ਹਾਂ ਨੂੰ ਦਸਤਾਵੇਜ਼ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ ।
ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਤੋਂ ਦਸਤਾਵੇਜ਼ ਤਿਆਰ ਕਰਵਾਉਣ ਤੇ ਹੋਰ ਸੇਵਾਵਾਂ ਲਈ ਬਣਾਇਆ ਗਿਆ ਈ - ਸੇਵਾ ਪੋਰਟਲ ਸੇਵਾ ਦਾ ਲਾਭ ਲੈਣ ਵਾਲੇ ਬਿਨੈਕਾਰਾਂ ਲਈ ਖੱਜਲ - ਖੁਆਰੀ ਦਾ ਸਬੱਬ ਬਣਿਆ ਹੋਇਆ ਹੈ । ਪਿਛਲੇ ਲੰਮੇਂ ਸਰਕਾਰ ਦਾ ਈ - ਸੇਵਾ ਪੋਰਟਲ ਸਮੇਂ ਤੋਂ ਜੂੰ ਦੀ ਚਾਲੇ ਰਿਹਾ ਹੈ , ਜਿਸ ਕਾਰਨ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦਾ ਲਾਭ ਨਹੀਂ ਮਿਲਾ ਰਿਹਾ ਅਤੇ ਉਨ੍ਹਾਂ ਨੂੰ ਦਸਤਾਵੇਜ਼ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ । ਜ਼ਿਲ੍ਹੇ ਦੇ ਕੁੱਲ 35 ਸੇਵਾ ਕੇਂਦਰਾਂ ’ ਚੋਂ ਇਕ ਤਹਿਸੀਲ ਕੰਪਲੈਕਸ ਵਿੱਚ ਟਾਈਪ -1 ਸੁਵਿਧਾ ਕੇਂਦਰ ਅਤੇ 25 ਟਾਈਪ -2 ਤੇ 10 ਟਾਈਪ -3 ਦੇ ਸੇਵਾ ਕੇਂਦਰ ਹਨ , ਜਿਨ੍ਹਾਂ ਵਿੱਚ 175 ਦੇ ਕਰੀਬ ਕਾਊਂਟਰ ਚੱਲਦੇ ਹਨ । ਇਨ੍ਹਾਂ ਸੇਵਾ ਕੇਂਦਰਾਂ ’ ਚ ਰੋਜ਼ਾਨਾ 4000 ਦੇ ਕਰੀਬ ਵੱਖ - ਵੱਖ ਤਰ੍ਹਾਂ ਸਰਟੀਫਿਕੇਟ ਤਿਆਰ ਕਰਵਾਉਣ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਅਰਜ਼ੀਆਂ ਆਉਂਦੀਆਂ ਹਨ । ਪਿਛਲੇ ਲੰਮੇਂ ਸਮੇਂ ਤੋਂ ਇਨ੍ਹਾਂ ਸੇਵਾ ਕੇਂਦਰਾਂ ’ ਚ ਆਉਣ ਵਾਲੇ ਲੋਕ ਸਮੇਂ ਸਿਰ ਸੇਵਾਵਾਂ ਨਾ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਅਰਜ਼ੀਆਂ ਦੇਣ ਵਾਲੇ ਬਹੁਤੇ ਲੋਕਾਂ ਵਿੱਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ ਮਾਵਾਂ - ਧੀਆਂ ਸਤਿਕਾਰ ਯੋਜਨਾ ’ ਅਤੇ ਦਾਖਲਾ ਲੈਣ ਲਈ ਵਿਦਿਆਰਥੀਆਂ ਵਲੋਂ ਵੱਡੇ ਪੱਧਰ ’ ਤੇ ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ ਦੇ ਬਿਨੈਕਾਰ ਸ਼ਾਮਲ ਹਨ । ਇਸ ਤੋਂ ਇਲਾਵਾ ਹੋਰ ਸੇਵਾਵਾਂ ਲੈਣ ਵਾਲੇ ਬਿਨੈਕਾਰ ਸ਼ਾਮਲ ਹਨ , ਜਿਨ੍ਹਾਂ ਦੇ ਦਸਤਾਵੇਜ਼ ਹਾਲੇ ਬਣਨ ਦੀ ਪ੍ਰਕਿਰਿਆ ਵਿੱਚ ਪਏ ਹੋਏ ਹਨ । ਜਦੋਂ ਉਹ ਸੇਵਾ ਕੇਂਦਰ ਜਾਂਦੇ ਹਨ ਤਾਂ ਉਥੋਂ ਦਾ ਅਮਲਾ ਉਨ੍ਹਾਂ ਨੂੰ ਸੰਬੰਧਤ ਤਹਿਸੀਲ ’ ਚ ਜਾ ਕੇ ਪਤਾ ਕਰਨ ਲਈ ਆਖ ਦਿੰਦੇ ਹਨ ਅਤੇ ਤਹਿਸੀਲ ਵਾਲੇ ਈ - ਸੇਵਾ ਪੋਰਟਲ ਦੇ ਹੌਲ਼ੀ ਚੱਲਣ ਕਾਰਨ ਖੁਦ ਨੂੰ ਪਰੇਸ਼ਾਨੀ ਵਿੱਚ ਘਿਰਿਆ ਦੱਸ ਦਿੰਦੇ ਹਨ । ਸੁਵਿਧਾ ਕੇਂਦਰ ਦੇ ਸੂਤਰਾਂ ਮੁਤਾਬਕ ਇਸ ਵੇਲੇ ਜ਼ਿਲ੍ਹੇ ਅੰਦਰ 1 ਲੱਖ ਦੀ ਪੈਂਡੈਂਸੀ ਪਈ ਹੋਈ ਹੈ , ਜਿਨ੍ਹਾਂ ਵਿੱਚ 60,000 ਦੇ ਕਰੀਬ ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ ਦੀਆਂ ਅਰਜ਼ੀਆਂ ਹਨ , ਜਿਸ ਨੂੰ ਕੱਢਣ ਲਈ ਸੰਬੰਧਤ ਤਹਿਸੀਲਾਂ ਦੇ ਮੁਲਾਜ਼ਮ 10-12 ਘੰਟੇ ਰੋਜ਼ਾਨਾ ਕੰਮ ਕਰਕੇ ਘਟਾਉਣ ਦਾ ਯਤਨ ਕਰ ਰਹੇ ਹਨ ਪਰ ਈ ਸੇਵਾ ਪੋਰਟਲ ਰੁਕ - ਰੁਕ ਚੱਲਣ ਕਾਰਨ ਉਨ੍ਹਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮਕਸੂਦਾਂ ਵਾਸੀ ਵਰਿੰਦਰ ਸ਼ਰਮਾ , ਜਿਨ੍ਹਾਂ ਨੇ ਆਪਣੀ ਧੀ ਦਾ ਰਿਹਾਇਸ਼ੀ ਸਰਟੀਫਿਕੇਟ ਕਰੀਬ ਇਕ ਮਹੀਨਾ ਪਹਿਲਾਂ ਅਪਲਾਈ ਕੀਤਾ ਸੀ , ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਕ ਮਹੀਨੇ ਦਾ ਸਮਾਂ ਲੱਗਣ ਬਾਰੇ ਕਿਹਾ ਗਿਆ ਸੀ ਪਰ ਹੁਣ ਮਹੀਨਾ ਲੰਘਣ ਦੇ ਬਾਅਦ ਵੀ ਸਰਟੀਫਿਕੇਟ ਹਾਲੇ ਤਕ ਨਹੀਂ ਹੋਇਆ । ਇਸ ਲਈ ਉਹ ਸੇਵਾ ਕੇਂਦਰ ਤੇ ਤਹਿਸੀਲ ਦਫ਼ਤਰ ਦੇ ਗੇੜੇ ਮਾਰ ਰਹੇ ਹਨ । ਇਸ ਸੰਬੰਧੀ ਸੰਪਰਕ ਕਰਨ ’ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਡਲ ਅਫਸਰ ਡੀ . ਆਰ . ਓ . ਨਵਦੀਪ ਸਿੰਘ ਭੋਗਲ ਨੇ ਦੱਸਿਆ ਕਿ ਪੂਰੇ ਸੂਬੇ ਅੰਦਰ ਹੀ ਈ - ਸੇਵਾ ਪੋਰਟਲ ਦੇ ਓਵਰਲੋਡ ਹੋਣ ਕਾਰਨ ਤਕਨੀਕੀ ਸਮੱਸਿਆ ਆ ਰਹੀ ਹੈ ਕਿਉਂਕਿ ਨਵੀਆਂ ਸਰਕਾਰੀ ਸਕੀਮਾਂ ਕਾਰਨ ਲੋਕ ਵੱਡੀ ਗਿਣਤੀ ’ ਚ ਅਰਜ਼ੀਆਂ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ 500 ਅਰਜ਼ੀਆਂ ਆਉਂਦੀਆਂ ਸਨ , ਉਥੇ ਹੀ ਹੁਣ 2500 ਆ ਰਹੀਆਂ ਹਨ । ਇਸੇ ਕਰਕੇ ਸਰਟੀਫਿਕੇਟ ਬਣਨ ’ ਚ ਦੇਰੀ ਹੋ ਰਹੀ ਹੈ । ਡੀ. ਸੀ. ਦਫ਼ਤਰ ਦੇ ਬਾਬੂਆਂ ਦੀ ਹੜਤਾਲ ਵੀ ਪੈ ਰਹੀ ਭਾਰੀ ਇਕ ਪਾਸੇ ਜਿੱਥੇ ਸਰਕਾਰ ਦਾ ਈ - ਸੇਵਾ ਪੋਰਟਲ ਰੁਕ - ਰੁਕ ਕੇ ਚੱਲ ਰਿਹਾ ਹੈ , ਉਥੇ ਹੀ ਪਿਛਲੇ ਮਹੀਨੇ ਡੀ . ਸੀ . ਦਫਤਰ ਮੁਲਾਜ਼ਮਾਂ ਦੇ ਹੜਤਾਲ ’ ਤੇ ਜਾਣ ਕਾਰਨ ਅਤੇ ਹੁਣ ਬੀਤੇ ਤਿੰਨ ਦਿਨ ਤੋਂ ਕੀਤੀ ਗਈ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਪਿਆ ਹੋਇਆ ਹੈ । ਇਸ ਕਾਰਨ ਵੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਓਧਰ ਮੁਲਾਜ਼ਮ ਤੇ ਪੈਨਸ਼ਨਰ ਆਪਣੇ ਹੱਕਾਂ ਲਈ ਸੂਬੇ ਦਾ ਰਾਜਧਾਨੀ ਵਿੱਚ ਸੰਘਰਸ਼ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਮੰਨਣ ਤੋਂ ਹੱਥ ਖਿੱਚ ਰਹੀ ਹੈ , ਇਸ ਲਈ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ ।