ਐੱਨ. ਆਈ. ਟੀ. ’ਚ ਦੋ ਦਿਨਾ ਵਿਕਰੇਤਾ ਵਿਕਾਸ ਪ੍ਰੋਗਰਾਮ ਅੱਜ ਤੋਂ
ਐੱਮ.ਐੱਸ.ਐੱਮ.ਈ., ਉੱਦਮੀ ਤੇ ਸਟਾਰਟਅੱਪ ਲੈਣਗੇ ਭਾਗ
ਜਲੰਧਰ, 10 ਸਤੰਬਰ (ਜਤਿੰਦਰ ਪੰਮੀ)-ਐੱਮ. ਐੱਸ.
ਜਲੰਧਰ, 10 ਸਤੰਬਰ (ਜਤਿੰਦਰ ਪੰਮੀ)-ਐੱਮ.ਐੱਸ.ਐੱਮ.ਈ. ਵਿਕਾਸ ਦਫ਼ਤਰ ਲੁਧਿਆਣਾ ਵਲੋਂ ਫੈਡਰੇਸ਼ਨ ਆਫ਼ ਇੰਡਸਟਰੀਜ਼ (ਐੱਫ.ਆਈ.ਟੀ.) ਤੇ ਸਿਡਬੀ ਦੇ ਸਹਿਯੋਗ ਨਾਲ 11 ਤੇ 12 ਸਤੰਬਰ ਨੂੰ ਡਾ. ਬੀ.ਆਰ. ਅੰਬੇਡਕਰ ਐੱਨ. ਆਈ. ਟੀ. ਦੇ ਆਈ. ਟੀ. ਪਾਰਕ ਸਥਿਤ ਵੀਡੀਓ ਕਾਨਫਰੰਸਿੰਗ ਹਾਲ ਵਿਖੇ ਦੋ ਰੋਜ਼ਾ ‘ਵਿਕਰੇਤਾ ਵਿਕਾਸ ਪ੍ਰੋਗਰਾਮ-ਕਮ-ਖਰੀਦਦਾਰ-ਵਿਕਰੇਤਾ ਮਿਲਣੀ’ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਫ. ਆਈ. ਟੀ. ਦੇ ਪ੍ਰਧਾਨ ਸੁਨੀਲ ਸ਼ਰਮਾ, ਐੱਮ. ਐੱਸ. ਐੱਮ. ਈ. ਦੇ ਜੁਆਇੰਟ ਡਾਇਰੈਕਟਰ ਪੰਕਜ ਕੁਮਾਰ ਝਾਅ, ਡਿਪਟੀ ਡਾਇਰੈਕਟਰ ਵਜੀਰ ਸਿੰਘ ਤੇ ਨਵਨੀਤ ਕੁਮਾਰ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਅਤੇ ਜਲੰਧਰ ਤੇ ਆਸ-ਪਾਸ ਦੇ ਖੇਤਰਾਂ ਦੇ ਸੂਖਮ ਤੇ ਲਘੂ ਉਦਯੋਗਾਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਵਾਉਣਾ ਹੈ। ਇਸ ਦੌਰਾਨ ਵੱਖ-ਵੱਖ ਕੇਂਦਰੀ ਅਦਾਰਿਆਂ ਤੇ ਵਿਭਾਗਾਂ ਵਲੋਂ ਐੱਮ.ਐੱਸ.ਐੱਮ.ਈ. ਅਤੇ ਉਦਮੀਆਂ ਲਈ ਤਕਨੀਕੀ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਸੈਸ਼ਨਾਂ ਵਿਚ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਪੰਚਕੂਲਾ, ਸਰਕਾਰੀ ਈ-ਮਾਰਕੀਟਪਲੇਸ (ਜੀ.ਈ.ਐੱਮ.), ਊਰਜਾ ਮੰਤਰਾਲੇ ਅਧੀਨ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ, ਪਟਿਆਲਾ ਲੋਕੋਮੋਟਿਵ ਵਰਕਸ, ਰੇਲ ਕੋਚ ਫੈਕਟਰੀ ਕਪੂਰਥਲਾ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਨੰਗਲ ਤੇ ਬਠਿੰਡਾ, ਡੀ.ਆਈ.ਸੀ. ਜਲੰਧਰ, ਐੱਨ.ਐੱਸ.ਆਈ.ਸੀ. ਜਲੰਧਰ, ਆਈ.ਓ.ਸੀ.ਐੱਲ. ਨਵੀਂ ਦਿੱਲੀ, ਇੰਡੀਅਨ ਆਰਡਨੈਂਸ ਕੇਬਲ ਫੈਕਟਰੀ ਚੰਡੀਗੜ੍ਹ, ਸਿਡਬੀ ਜਲੰਧਰ, ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ ਗੋਇੰਦਵਾਲ ਸਾਹਿਬ, ਸੀ.ਆਈ.ਐੱਚ.ਟੀ. ਜਲੰਧਰ ਅਤੇ ਬੀ.ਬੀ.ਐੱਮ.ਬੀ. ਲੁਧਿਆਣਾ ਦੇ ਨੁਮਾਇੰਦੇ ਹਿੱਸਾ ਲੈਣਗੇ। ਐੱਮ.ਐੱਸ.ਐੱਮ.ਈ. ਵਿਕਾਸ ਦਫ਼ਤਰ ਵਲੋਂ ਲਗਭਗ 25 ਪ੍ਰਦਰਸ਼ਨੀ ਸਟਾਲ ਵੀ ਲਗਾਏ ਜਾਣਗੇ। ਦੋਵੇਂ ਦਿਨ ਪ੍ਰੋਗਰਾਮ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਮੌਕੇ ਉਨ੍ਹਾਂ ਨਾਲ ਸਚਿਨ ਗੁਪਤਾ, ਸਹਾਇਕ ਡਾਇਰੈਕਟਰ ਕ੍ਰਿਸ਼ਨ ਕੁਮਾਰ ਤੇ ਪ੍ਰਤੀਕ ਕਟਾਰੀਆ ਵੀ ਮੌਜੂਦ ਸਨ।