ਖੇਲੋ ਇੰਡੀਆ ਦੇ ਸਾਈਨ ਬੋਰਡਾਂ ’ਤੇ ਭਾਸ਼ਾਈ ਗਲਤੀਆਂ, ਪ੍ਰਸ਼ਾਸਨ ਕਦੋਂ ਜਾਗੇਗਾ…..?
ਜਲੰਧਰ, 8 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਨੂੰ ਖੇਡਾਂ ਦੀ ਧਰਤੀ ਕਿਹਾ ਜਾਂਦਾ ਹੈ, ਹਾਕੀ ਤੋਂ ਲੈ ਕੇ ਬਾਕਸਿੰਗ ਅਤੇ ਅਥਲੈਟਿਕਸ ਤੱਕ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦਾ ਨਾਂਅ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ।
ਜਲੰਧਰ, 8 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਨੂੰ ਖੇਡਾਂ ਦੀ ਧਰਤੀ ਕਿਹਾ ਜਾਂਦਾ ਹੈ, ਹਾਕੀ ਤੋਂ ਲੈ ਕੇ ਬਾਕਸਿੰਗ ਅਤੇ ਅਥਲੈਟਿਕਸ ਤੱਕ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦਾ ਨਾਂਅ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਪਰ ਇਸੇ ਖੇਡ ਧਰਤੀ ’ਤੇ ਖੇਲੋ ਇੰਡੀਆ ਨਾਲ ਸੰਬੰਧਿਤ ਸਾਈਨ ਬੋਰਡਾਂ ’ਤੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੀਆਂ ਨਜ਼ਰ ਆਉਣ ਵਾਲੀਆਂ ਗਲਤੀਆਂ ਹੁਣ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਸੁਰਜੀਤ ਹਾਕੀ ਸਟੇਡੀਅਮ, ਸਪੋਰਟਸ ਕਾਲਜ, ਬਾਕਸਿੰਗ ਸੈਂਟਰ ਅਤੇ ਅਥਲੈਟਿਕਸ ਟਰੈਕ ਸਮੇਤ ਖੇਡ ਸਹੂਲਤਾਂ ’ਚ ਲਗਾਏ ਗਏ ਸਾਈਨ ਬੋਰਡਾਂ ਨੂੰ ਦੇਖ ਕੇ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਨੂੰ ਜਨਤਕ ਕਰਨ ਤੋਂ ਪਹਿਲਾਂ ਭਾਸ਼ਾਈ ਤੌਰ ’ਤੇ ਚੈੱਕ ਕੀਤਾ ਗਿਆ ਸੀ। ਖੇਲੋ ਇੰਡੀਆ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਾਲੀ ਮਹੱਤਵਪੂਰਨ ਮੁਹਿੰਮ ਹੈ। ਇਸ ਲਈ ਇਸ ਨਾਲ ਜੁੜੀ ਹਰ ਚੀਜ਼ ਚਾਹੇ ਖੇਡ ਮੈਦਾਨ ਹੋਵੇ, ਸਹੂਲਤਾਂ ਹੋਣ ਜਾਂ ਜਾਣਕਾਰੀ ਦੇ ਸਾਈਨ ਬੋਰਡ, ਪੇਸ਼ੇਵਰ ਮਿਆਰ ਦੀ ਹੋਣੀ ਚਾਹੀਦੀ ਹੈ ਪਰ ਜੇਕਰ ਸਾਈਨ ਬੋਰਡਾਂ ’ਤੇ ਹੀ ਪੰਜਾਬੀ ਜਾਂ ਹਿੰਦੀ ਦੇ ਸ਼ਬਦ ਗਲਤ ਲਿਖੇ ਹੋਣ ਤਾਂ ਇਹ ਪ੍ਰਬੰਧਕੀ ਜਾਂਚ ਅਤੇ ਗੁਣਵੱਤਾ ਨਿਯੰਤਰਣ ’ਤੇ ਸਵਾਲ ਖੜ੍ਹਾ ਕਰਦਾ ਹੈ। ਪੰਜਾਬ ’ਚ ਪੰਜਾਬੀ ਭਾਸ਼ਾ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸੂਬੇ ਦੀ ਸੱਭਿਆਚਾਰਕ ਪਛਾਣ ਹੈ। ਖੇਡਾਂ ਨਾਲ ਜੁੜੇ ਕੇਂਦਰਾਂ ’ਤੇ ਪੰਜਾਬੀ ਨੂੰ ਗਲਤ ਲਿਖਣਾ ਖੇਡ ਪ੍ਰੇਮੀਆਂ ਲਈ ਵੀ ਨਿਰਾਸ਼ਾਜਨਕ ਹੋ ਸਕਦਾ ਹੈ।ਮਾਮਲਾ ਕਿਸੇ ਇੱਕ ਅਧਿਕਾਰੀ ਜਾਂ ਏਜੰਸੀ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ। ਮੁੱਦਾ ਸਿਰਫ਼ ਇਹ ਹੈ ਕਿ ਜਦੋਂ ਸਰਕਾਰੀ ਪੈਸੇ ਅਤੇ ਰਾਸ਼ਟਰੀ ਪੱਧਰ ਦੀ ਖੇਡ ਯੋਜਨਾ ਨਾਲ ਕੰਮ ਹੋ ਰਿਹਾ ਹੋਵੇ ਤਾਂ ਆਖਰੀ ਪੜਾਅ ’ਤੇ ਇੱਕ ਸਧਾਰਨ ਭਾਸ਼ਾਈ ਜਾਂਚ ਕਿਉਂ ਨਾ ਹੋਵੇ। ਖੇਲੋ ਇੰਡੀਆ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਨੋਟਿਸ : ਖੇਡ ਪ੍ਰੇਮੀਆਂ ਦੀ ਮੰਗ ਹੈ ਕਿ ਸਾਰੇ ਸਾਈਨ ਬੋਰਡਾਂ ਦੀ ਦੁਬਾਰਾ ਜਾਂਚ ਕਰਵਾਈ ਜਾਵੇ ਅਤੇ ਜਿੱਥੇ ਵੀ ਪੰਜਾਬੀ ਜਾਂ ਹਿੰਦੀ ਵਿੱਚ ਗਲਤੀ ਹੈ, ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਭਵਿੱਖ ਵਿੱਚ ਅਜਿਹੇ ਸਾਈਨ ਬੋਰਡ ਲਗਾਉਣ ਤੋਂ ਪਹਿਲਾਂ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਮਾਹਿਰਾਂ ਤੋਂ ਪਰੂਫਰੀਡਿੰਗ ਕਰਵਾਉਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਜੇਕਰ ਖੇਲੋ ਇੰਡੀਆ ਨੌਜਵਾਨਾਂ ਨੂੰ “ਖੇਡੋ ਅਤੇ ਅੱਗੇ ਵਧੋ” ਦਾ ਸੰਦੇਸ਼ ਦੇ ਰਿਹਾ ਹੈ, ਤਾਂ ਉਸ ਦੀ ਆਪਣੀ ਪੇਸ਼ਕਾਰੀ ਵੀ ਸਹੀ ਹੋਣੀ ਚਾਹੀਦੀ ਹੈ। ਹੁਣ ਉਮੀਦ ਹੈ ਕਿ ਸੰਬੰਧਿਤ ਪ੍ਰਸ਼ਾਸਨ ਇਸ ਮਾਮਲੇ ਦਾ ਨੋਟਿਸ ਲਵੇਗਾ, ਗਲਤੀਆਂ ਨੂੰ ਦਰੁਸਤ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਪੰਜਾਬ ਦੀ ਖੇਡ ਧਰਤੀ ’ਤੇ ਪੰਜਾਬੀ ਭਾਸ਼ਾ ਵੀ ਸਹੀ ਸ਼ਬਦਾਂ ਅਤੇ ਪੂਰੇ ਸਨਮਾਨ ਨਾਲ ਨਜ਼ਰ ਆਵੇ।