ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ
ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਇੱਕ ਵਿਲੱਖਣ ਪਹਿਲਕਦਮੀ ਵਜੋਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੱਲ ਰਹੀ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੌਰਾਨ ਬਰਲਟਨ ਪਾਰਕ ਸਥਿਤ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ‘ਸਾਡਾ ਪਿੰਡ’ ਸਥਾਪਤ ਕੀਤਾ ਗਿਆ ਹੈ।
ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਇੱਕ ਵਿਲੱਖਣ ਪਹਿਲਕਦਮੀ ਵਜੋਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੱਲ ਰਹੀ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੌਰਾਨ ਬਰਲਟਨ ਪਾਰਕ ਸਥਿਤ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ‘ਸਾਡਾ ਪਿੰਡ’ ਸਥਾਪਤ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਪੇਂਡੂ ਵਿਰਾਸਤ ਦੀ ਝਲਕ ਦਿਖਾਉਣ ਲਈ ਤਿਆਰ ਕੀਤਾ ਗਿਆ ਇਹ ਸੱਭਿਆਚਾਰਕ ਕੇਂਦਰ, ਬਹੁਤ ਹੀ ਘੱਟ ਸਮੇਂ ’ਚ ਲੋਕਾਂ ਵਿਚ ਖਿੱਚ ਦਾ ਵੱਡਾ ਕੇਂਦਰ ਬਣ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਅੱਜ ‘ਸਾਡਾ ਪਿੰਡ’ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਉੱਥੇ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਦਾ ਮਾਹੌਲ ਰਿਵਾਇਤੀ ਪੰਜਾਬੀ ਜੀਵਨ ਨੂੰ ਬਹੁਤ ਹੀ ਵਾਸਤਵਿਕ ਢੰਗ ਨਾਲ ਪੇਸ਼ ਕਰਦਾ ਹੈ ਅਤੇ ਪੇਂਡੂ ਘਰੇਲੂ ਮਾਹੌਲ ਦੀ ਝਲਕ ਇੱਥੇ ਆਉਣ ਵਾਲਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਇਸ ਪ੍ਰਦਰਸ਼ਨੀ ਵਿੱਚ ਪੇਂਡੂ ਜੀਵਨ ਦੀਆਂ ਵਿਸ਼ੇਸ਼ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਹੱਥ ਨਾਲ ਬੁਣੇ ਦੇਸੀ ਮੰਜੇ, ਬਰੀਕ ਕਢਾਈ, ਕਣਕ ਸਟੋਰ ਕਰਨ ਵਾਲੇ ਰਵਾਇਤੀ ਢਾਂਚੇ, ਵਿਰਾਸਤੀ ਖੂਹ, ਕੰਧਾਂ ’ਤੇ ਕੀਤੀ ਗਈ ਰੰਗ-ਬਿਰੰਗੀ ਕਲਾਕਾਰੀ ਅਤੇ ਹਾਕੀ ਦੇ ਮਾਣਮੱਤੇ ਇਤਿਹਾਸ ਨੂੰ ਸਮਰਪਿਤ ਇੱਕ ਵਿਸ਼ੇਸ਼ ਦੀਵਾਰ ਸ਼ਾਮਿਲ ਹੈ। ਇਸ ਉਪਰਾਲੇ ਪਿੱਛੇ ਮੌਜੂਦ ਸੋਚ ’ਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਿੰਡ ਨੌਜਵਾਨਾਂ, ਖਾਸ ਕਰਕੇ ਸ਼ਹਿਰੀ ਆਬਾਦੀ ਲਈ, ਆਪਣੀ ਮਾਣਮੱਤੀ ਸੱਭਿਆਚਾਰਕ ਵਿਰਾਸਤ ਨਾਲ ਮੁੜ ਜੁੜਨ ਦਾ ਅਹਿਮ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਮੀਰ ਵਿਰਸੇ ਨਾਲ ਰੂ-ਬਰੂ ਹੋਣ ਲਈ ਸੈਂਕੜੇ ਲੋਕ, ਜਿਨ੍ਹਾਂ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੀ ਸ਼ਾਮਿਲ ਹਨ, ਰੋਜ਼ਾਨਾ ਇੱਥੇ ਆ ਰਹੇ ਹਨ।