ਕੈਬਨਿਟ ਮੰਤਰੀ ਵਲੋਂ ਸ਼ਹਿਰ ’ਚ 30 ਲੱਖ ਰੁਪਏ ਦੀ ਲਾਗਤ ਵਾਲੇ ਲਾਈਟਿੰਗ ਪ੍ਰਾਜੈਕਟ ਦਾ ਉਦਘਾਟਨ
ਜਲੰਧਰ, 5 ਨਵੰਬਰ (ਜਤਿੰਦਰ ਪੰਮੀ)- ਸ਼ਹਿਰੀ ਬੁਨਿਆਦੀ ਢਾਂਚੇ ਤੇ ਸੁੰਦਰੀਕਰਨ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਜਲੰਧਰ ਪੱਛਮੀ ਹਲਕੇ ’ਚ ਤਿਰੰਗੇ ਰੰਗੀਆਂ ਸਟ੍ਰੀਟ ਲਾਈਟਾਂ ਦੇ ਵਿਸ਼ਾਲ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਹਲਕੇ ਦੇ ਮੁੱਖ ਮਾਰਗਾਂ ਨੂੰ ਰੌਸ਼ਨ ਕਰਨਾ ਹੈ, ਤਾਂ ਜੋ ਦੀਵਾਲੀ ਤੋਂ ਪਹਿਲਾਂ ਖੁਸ਼ੀ ਅਤੇ ਉਤਸਵ ਵਾਲਾ ਮਾਹੌਲ ਬਣ ਸਕੇ।
ਜਲੰਧਰ, 5 ਨਵੰਬਰ (ਜਤਿੰਦਰ ਪੰਮੀ)- ਸ਼ਹਿਰੀ ਬੁਨਿਆਦੀ ਢਾਂਚੇ ਤੇ ਸੁੰਦਰੀਕਰਨ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਜਲੰਧਰ ਪੱਛਮੀ ਹਲਕੇ ’ਚ ਤਿਰੰਗੇ ਰੰਗੀਆਂ ਸਟ੍ਰੀਟ ਲਾਈਟਾਂ ਦੇ ਵਿਸ਼ਾਲ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਹਲਕੇ ਦੇ ਮੁੱਖ ਮਾਰਗਾਂ ਨੂੰ ਰੌਸ਼ਨ ਕਰਨਾ ਹੈ, ਤਾਂ ਜੋ ਦੀਵਾਲੀ ਤੋਂ ਪਹਿਲਾਂ ਖੁਸ਼ੀ ਅਤੇ ਉਤਸਵ ਵਾਲਾ ਮਾਹੌਲ ਬਣ ਸਕੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਇਲਾਕਾ ਵਾਸੀਆਂ ਨੂੰ ਦੀਵਾਲੀ ਦੀਆਂ ਨਿੱਘੀਆਂ ਵਧਾਈਆਂ ਦਿੱਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਸੂਬੇ ਭਰ ’ਚ ਸੜਕਾਂ, ਸੀਵਰੇਜ ਪ੍ਰਣਾਲੀ, ਆਧੁਨਿਕ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਸਮੇਤ ਹਰ ਖੇਤਰ ’ਚ ਵਿਕਾਸ ਦੀ ਲਹਿਰ ਚੱਲ ਰਹੀ ਹੈ। ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਬਰੀਕ ਚੌਕ ਤੋਂ ਗੁਜਰਾਲ ਚੌਕ, ਅਵਤਾਰ ਨਗਰ ਰੋਡ, ਬਸਤੀ ਸ਼ੇਖ ਰੋਡ, ਕਪੂਰਥਲਾ ਰੋਡ ਤੇ 120-ਫੁੱਟ ਰੋਡ ਸਮੇਤ ਕਈ ਪ੍ਰਮੁੱਖ ਹਿੱਸਿਆਂ ‘ਚ ਤਿਰੰਗੇ ਰੰਗੀਆਂ ਆਕਰਸ਼ਕ ਲਾਈਟਾਂ ਲਗਾਉਣ ਲਈ ਲਗਭਗ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸਿਰਫ਼ 2022 ਦੀਆਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ, ਸਗੋਂ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਜਿਹੇ ਵਿਕਾਸ ਕਾਰਜ ਵੀ ਕਰਵਾ ਰਹੀ ਹੈ, ਜਿਨ੍ਹਾਂ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ।