ਮੁਕੰਦਪੁਰ ਤੋਂ ਦੁਸਾਂਝ ਕਲਾਂ ਰੋਡ ’ਤੇ ਓਵਰਲੋਡ ਟਿੱਪਰਾਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ
ਦੁਸਾਂਝ ਕਲਾਂ, 5 ਨਵੰਬਰ (ਰਾਮ ਪ੍ਰਕਾਸ਼ ਟੋਨੀ )-ਮੁਕੰਦਪੁਰ ਤੋਂ ਦੁਸਾਂਝ ਕਲਾਂ ਰੋਡ ’ਤੇ ਦਿਨ- ਰਾਤ ਤੇਜ਼ ਰਫ਼ਤਾਰ ਨਾਲ ਦੌੜ ਰਹੇ ਓਵਰਲੋਡ ਰੇਤ ਤੇ ਮਿੱਟੀ ਦੇ ਟਿੱਪਰ ਇਲਾਕਾ ਨਿਵਾਸੀਆਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਭਾਰੀ ਮਾਤਰਾ ’ਚ ਰੇਤ ਤੇ ਮਿੱਟੀ ਲੱਦ ਕੇ ਬਿਨ੍ਹਾਂ ਤਰਪਾਲਾਂ ਤੋਂ ਸੜਕਾਂ ’ਤੇ ਦੌੜਦੇ ਇਹ ਟਿੱਪਰ ਨਾ ਸਿਰਫ਼ ਆਵਾਜਾਈ ਲਈ ਖ਼ਤਰਾ ਬਣ ਰਹੇ ਹਨ ।
ਦ
ਦੁਸਾਂਝ ਕਲਾਂ ਦੇ ਅੱਡੇ ਤੋਂ ਬਿਨਾਂ ਤਰਪਾਲ ਤੋਂ ਓਵਰਲੋਡ ਮਿੱਟੀ ਲੱਦੇ ਤੇਜ਼ ਰਫ਼ਤਾਰ ਨਾਲ ਦੌੜਦੇ ਟਿੱਪਰ, ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਤਸਵੀਰ: ਰਾਮ ਪ੍ਰਕਾਸ਼ ਟੋਨੀ
06-11-2026
ਦੁਸਾਂਝ ਕਲਾਂ, 5 ਨਵੰਬਰ (ਰਾਮ ਪ੍ਰਕਾਸ਼ ਟੋਨੀ )-ਮੁਕੰਦਪੁਰ ਤੋਂ ਦੁਸਾਂਝ ਕਲਾਂ ਰੋਡ ’ਤੇ ਦਿਨ- ਰਾਤ ਤੇਜ਼ ਰਫ਼ਤਾਰ ਨਾਲ ਦੌੜ ਰਹੇ ਓਵਰਲੋਡ ਰੇਤ ਤੇ ਮਿੱਟੀ ਦੇ ਟਿੱਪਰ ਇਲਾਕਾ ਨਿਵਾਸੀਆਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਭਾਰੀ ਮਾਤਰਾ ’ਚ ਰੇਤ ਤੇ ਮਿੱਟੀ ਲੱਦ ਕੇ ਬਿਨ੍ਹਾਂ ਤਰਪਾਲਾਂ ਤੋਂ ਸੜਕਾਂ ’ਤੇ ਦੌੜਦੇ ਇਹ ਟਿੱਪਰ ਨਾ ਸਿਰਫ਼ ਆਵਾਜਾਈ ਲਈ ਖ਼ਤਰਾ ਬਣ ਰਹੇ ਹਨ । ਸਗੋਂ ਇਨ੍ਹਾਂ ਕਾਰਨ ਉੱਡਦੀ ਧੂੜ ਤੇ ਸੜਕਾਂ ਦੀ ਹੋ ਰਹੀ ਖ਼ਸਤਾ ਹਾਲਤ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮੁਕੰਦਪੁਰ ਵਾਲੇ ਪਾਸਿਓਂ ਆਉਣ ਵਾਲੇ ਇਹ ਭਾਰੀ ਵਾਹਨ ਆਵਾਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਲਗਾਤਾਰ ਇਸ ਸੜਕ ਤੋਂ ਇਲਾਕਾ ਨਿਵਾਸੀਆਂ ਦੀ ਮੌਤ ਬਣਕੇ ਤੇਜ਼ ਰਫ਼ਤਾਰ ਨਾਲ ਲੰਘ ਰਹੇ ਹਨ। ਇਨ੍ਹਾਂ ਦੀ ਤੇਜ਼ ਰਫ਼ਤਾਰ ਤੇ ਓਵਰਲੋਡਿੰਗ ਕਾਰਨ ਹਰ ਸਮੇਂ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਸਕੂਲੀ ਬੱਚਿਆਂ, ਦੋਪਹੀਆ ਵਾਹਨ ਚਾਲਕਾਂ ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਨੇ ਸਵਾਲ ਉਠਾਇਆ ਹੈ ਕਿ ਆਖ਼ਿਰ ਇਨ੍ਹਾਂ ਬੇਲਗਾਮ ਟਿੱਪਰਾਂ ਨੂੰ ਕਿਸ ਦੀ ਸਰਪ੍ਰਸਤੀ ਹਾਸਲ ਹੈ ।ਤੇ ਸਬੰਧਤ ਵਿਭਾਗ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕਿਉਂ ਗੁਰੇਜ਼ ਕਰ ਰਹੇ ਹਨ। ਜਦੋਂ ਇਹ ਟਿੱਪਰ ਥਾਣਾ ਮੁੱਕਦਪੁਰ ਤੇ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਹੱਦ ’ਚੋਂ ਲਗਾਤਾਰ ਲੰਘ ਰਹੇ ਹਨ। ਕੀ ਪੁਲਿਸ ਤੇ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਆਵਾਜਾਈ ਬਾਰੇ ਜਾਣਕਾਰੀ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਇਸ ਰਸਤੇ ’ਤੇ ਲੰਘਣ ਵਾਲੇ ਟਿੱਪਰਾਂ ਦਾ ਸਬੰਧ ਕਿਸੇ ਨਾਜਾਇਜ਼ ਮਾਈਨਿੰਗ ਨਾਲ ਹੈ ਤਾਂ ਇਸ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਉੱਡਦੀ ਰੇਤ ਅਤੇ ਮਿੱਟੀ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ । ਭਾਰੀ ਵਾਹਨਾਂ ਦੇ ਲਗਾਤਾਰ ਲੰਘਣ ਨਾਲ ਸੜਕਾਂ ਵੀ ਨੁਕਸਾਨੀਆਂ ਜਾ ਰਹੀਆਂ ਹਨ। ਇਲਾਕਾ ਨਿਵਾਸੀਆਂ ਨੇ ਮਾਈਨਿੰਗ ਵਿਭਾਗ, ਟਰਾਂਸਪੋਰਟ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਂਝੀ ਮੁਹਿੰਮ ਚਲਾ ਕੇ ਟਿੱਪਰਾਂ ਦੀ ਲੋਡਿੰਗ, ਵਾਹਨਾਂ ਦੇ ਦਸਤਾਵੇਜ਼ਾਂ, ਰਫ਼ਤਾਰ ਤੇ ਸੁਰੱਖਿਆ ਨਿਯਮਾਂ ਦੀ ਜਾਂਚ ਕੀਤੀ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਕਿਸੇ ਵੱਡੇ ਹਾਦਸੇ ਦੀ ਉਡੀ ਕ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਨ੍ਹਾਂ ਓਵਰਲੋਡ ਟਿੱਪਰਾਂ ਨੂੰ ਨੱਥ ਪਾ ਕੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਹੁਣ ਦੇਖਣਾ ਇਹ ਹੈ ਕਿ ਲੋਕਾਂ ਦੀ ਇਸ ਗੰਭੀਰ ਸਮੱਸਿਆ ਵੱਲ ਕੋਈ ਅਧਿਕਾਰੀ ਜਾਂ ਸਿਆਸੀ ਆਗੂ ਧਿਆਨ ਦਿੰਦਾ ਹੈ । ਜਾਂ ਫ਼ਿਰ ਇਹ ਆਵਾਜ਼ ਵੀ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ’ਚ ਦੱਬ ਕੇ ਰਹਿ ਜਾਵੇਗੀ।