ਜਲੰਧਰ, 7 ਨਵੰਬਰ (ਅ.ਬ.)-ਰੋਸ਼ਨੀ ਦਾ ਇਹ ਪਾਵਨ ਤਿਉਹਾਰ ਦੀਵਾਲੀ ਕੇਵਲ ਦੀਪ ਜਗਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਆਸ, ਸਦਭਾਵਨਾ, ਧਰਮ ਤੇ ਬੁਰਾਈ ’ਤੇ ਅੱਛਾਈ ਦੀ ਸਦੀਵੀ ਜਿੱਤ ਦਾ ਇਕ ਜਿਉਂਦਾ-ਜਾਗਦਾ ਪ੍ਰਤੀਕ ਹੈ। ਇਹ ਤਿਉਹਾਰ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਜੀਵਨ ਵਿਚ ਆਸਥਾ ਦੀ ਨਵੀਂ ਕਿਰਨ ਜਗਾਉਂਦਾ ਹੈ ਅਤੇ ਸਾਡੇ ਜੀਵਨ ਨੂੰ ਖੁਸ਼ੀ, ਆਤਮਿਕਤਾ ਤੇ ਤਿਉਹਾਰ ਦੇ ਅਨੰਦ ਨਾਲ ਭਰ ਦਿੰਦਾ ਹੈ। ਪੁਲਿਸ ਡੀ. ਏ. ਵੀ. ਪਬਲਿਕ ਸਕੂਲ, ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਦੇ ਵਿਹੜੇ ਵਿਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ, ਉਮੰਗ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਡਾ. ਆਰ. ਐਸ. ਕੰਗ ਨੇ ਕੀਤੀ, ਜਦਕਿ ਪ੍ਰੋਗਰਾਮ ਦਾ ਆਯੋਜਨ ਯਸ਼ਸਵੀ ਹਾਊਸ ਵਲੋਂ ਕੀਤਾ। ਇਕ ਵਿਚਾਰ-ਉਤੇਜਕ ਭਾਸ਼ਨ ਤੇ ਦਿਲ ਨੂੰ ਛੂਹਣ ਵਾਲੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੇ ਆਪਸੀ ਏਕਤਾ, ਪਰਿਵਾਰਕ ਰਿਸ਼ਤਿਆਂ ਦੀ ਪਵਿੱਤਰਤਾ ਤੇ ਆਪਣੀ ਰੁੱਝੀ ਹੋਈ ਦਿਨਚਰਿਆ ਵਿਚੋਂ ਸਮਾਂ ਕੱਢ ਕੇ ਆਪਣਿਆਂ ਨਾਲ ਗੁਣਵੱਤਾ ਭਰੇ ਪਲ ਬਿਤਾਉਣ ਦੇ ਮਹੱਤਵ ਨੂੰ ਸੁੰਦਰ ਢੰਗ ਨਾਲ ਉਜਾਗਰ ਕੀਤਾ। ਸਕੂਲ ਦੇ ਕਿੰਡਰਗਾਰਟਨ ਵਿੰਗ (ਬਾਲ-ਵਾਟਿਕਾ) ਵਿਚ ਵੀ ਦੀਵਾਲੀ ਦਾ ਤਿਉਹਾਰ ਬੇਹੱਦ ਉਤਸ਼ਾਹ, ਸ਼ਾਨ ਤੇ ਉਲਾਸ ਨਾਲ ਮਨਾਇਆ।ਸਮਾਗਮ ਦਾ ਮੁੱਖ ਆਕਰਸ਼ਣ ਨਰਸਰੀ ਤੇ ਐਲ. ਕੇ. ਜੀ. ਦੇ ਨੰਨ੍ਹੇ-ਮੁੰਨੇ ਬੱਚੇ ਰਹੇ, ਜੋ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਤੇ ਬਾਲ ਹਨੂੰਮਾਨ ਦੀ ਸੁੰਦਰ ਵੇਸ਼ਭੂਸ਼ਾ ਵਿਚ ਸਜੇ ਹੋਏ ਸਨ। ਉਨ੍ਹਾਂ ਦੀ ਮਨਮੋਹਕ ਝਲਕ ਨੇ ਸਭ ਦਾ ਦਿਲ ਜਿੱਤ ਲਿਆ। ਦੂਜੇ ਪਾਸੇ ਪ੍ਰਾਇਮਰੀ ਵਿੰਗ ਵਿਚ ਪ੍ਰੋਗਰਾਮ ਦੀ ਸ਼ੁਰੂਆਤ ਮਾਂ ਲਕਸ਼ਮੀ ਦੀ ਪਾਵਨ ਪੂਜਾ ਤੇ ਆਰਤੀ ਦੇ ਭਗਤੀਮਈ ਗਾਇਨ ਨਾਲ ਹੋਈ, ਜਿਸ ਨੇ ਮਾਹੌਲ ਵਿਚ ਸਕਾਰਾਤਮਕਤਾ ਦਾ ਸੰਚਾਰ ਕਰ ਦਿੱਤਾ।