ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਇਕ ਚਿੱਠੀ ਰੱਬ ਦੇ ਨਾਂਅ

Ad Position 21
No active advertisement
ਅਜੀਤ ਡੈਸਕ 10-05-2026

ਪਿਆਰੇ ਰੱਬ ਜੀ
ਸਤਿ ਸੀ੍ਰ ਅਕਾਲ

ਮੇਰਾ ਨਾਂਅ ਸਿਮਰ ਹੈ ਅਤੇ ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਹਾਂ | ਰੱਬ ਜੀ, ਮੈਂ ਤੁਹਾਨੂੰ ਇਹ ਪਹਿਲੀ ਚਿੱਠੀ ਲਿਖ ਰਿਹਾ ਹਾਂ ਜੀ | ਇਸ ਲਈ ਜਵਾਬ ਜ਼ਰੂਰ ਦੇਣਾ ਜੀ | ਮੈਨੂੰ ਆਪ ਜੀ ਦੇ ਉੱਤਰ ਦੀ ਉਡੀਕ ਰਹੇਗੀ |
ਪਹਿਲੀ ਗੱਲ ਤਾਂ ਇਹ ਹੈ ਜੀ ਤਹਾਨੂੰ ਮੰਨਣ ਵਾਲੇ ਸਾਰੇ ਇਹ ਗੱਲ ਕਹਿੰਦੇ ਹਨ ਕਿ ਦੁਨੀਆ ਵਿਚ ਜੋ ਕੁਝ ਵੀ ਹੁੰਦਾ ਹੈ ਉਹ ਆਪ ਜੀ ਦੀ ਮਰਜ਼ੀ ਨਾਲ ਹੀ ਹੁੰਦਾ ਹੈ | ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ | ਕੀ ਇਹ ਗੱਲ ਸੱਚ ਹੈ? ਤੁਹਾਡੇ ਕੁਝ ਹੋਰ ਚੇਲੇ ਤਾਂ ਕਹਿੰਦੇ ਹਨ ਕਿ ਜਿਹੜਾ ਬੰਦਾ ਕੋਈ ਪਾਪ ਕਰਦਾ ਹੈ ਉਸ ਨੂੰ ਉਬਲਦੇ ਤੇਲ ਦੇ ਕੜਾਹਿਆਂ ਵਿਚ ਉਬਾਲ ਕੇ ਸਜ਼ਾ ਦਿੱਤੀ ਜਾਂਦੀ ਹੈ | ਕੁਝ ਇਹ ਵੀ ਕਹਿੰਦੇ ਹਨ ਕਿ ਸਾਡੇ ਸਭ ਦੇ ਅੰਦਰ ਆਤਮਾ ਨਾਂਅ ਦੀ ਕੋਈ ਚੀਜ਼ ਹੈ | ਸਾਡਾ ਸਰੀਰ ਮਰ ਜਾਂਦਾ ਹੈ,ਪਰ ਆਤਮਾ ਕਦੀ ਨਹੀਂ ਮਰਦੀ | ਮੌਤ 'ਤੋਂ ਬਾਅਦ ਆਤਮਾ ਉਸੇ ਸਮੇਂ ਸਰੀਰ ਵਿਚੋਂ ਨਿਕਲ ਜਾਂਦੀ ਹੈ | ਫਿਰ ਉਹ ਤੁਹਾਡੇ ਚਰਨਾਂ ਵਿਚ ਜਾ ਬਿਰਾਜਦੀ ਹੈ ਜਾਂ ਕਿਸੇ ਹੋਰ ਸਰੀਰ ਵਿਚ ਜਾ ਦਾਖਲ ਹੁੰਦੀ ਹੈ | ਇਸ ਹਿਸਾਬ ਨਾਲ ਤਾਂ ਆਤਮਾ ਬੜੀ ਮਤਲਬੀ ਹੋਈ | ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਦੁੱਖ ਸੁੱਖ ਕੇਵਲ ਸਰੀਰ ਨੂੰ ਹੀ ਮਿਲਦਾ ਹੈ | ਆਤਮਾ ਦੁੱਖ ਸੁੱਖ ਤੋਂ ਉੱਪਰ ਹੈ | ਰੱਬ ਜੀ ਮੈਨੂੰ ਇਹ ਵੀ ਦੱਸੋ ਕਿ ਮਰਨ 'ਤੇ ਸਰੀਰ ਨੂੰ ਤਾਂ ਅਸੀਂ ਜਲਾ ਦਿੰਦੇ ਹਾਂ ਅਤੇ ਆਤਮਾ ਨੂੰ ਤਾਂ ਦੁੱਖ ਸੁੱਖ ਲਗਦਾ ਹੀ ਨਹੀਂ | ਫਿਰ ਤੁਸੀਂ ਉੱਬਲਦੇ ਤੇਲ ਵਿਚ ਕਿਸ ਨੂੰ ਸਾੜ੍ਹਦੇ ਹੋ?
ਰੱਬ ਜੀ ਤੁਹਾਡੇ ਪੈਰੋਕਾਰਾਂ ਨੇ ਇਸ ਧਰਤੀ 'ਤੇ ਨਾਜਾਇਜ਼ ਕਬਜ਼ੇ ਕਰ ਕੇ ਆਪ ਜੀ ਦੇ ਕਈ ਵੱਖ-ਵੱਖ ਘਰ (ਗੁਰਦੁਆਰੇ, ਮੰਦਰ, ਮਸਜਿਦ ਅਤੇ ਚਰਚ ਆਦਿ) ਬਣਾਏ ਹੋਏ ਹਨ | ਕੀ ਤੁਹਾਨੂੰ ਰਹਿਣ ਲਈ ਇਕੋ ਘਰ ਹੀ ਕਾਫ਼ੀ ਨਹੀਂ? ਐਵੇਂ ਏਨੀ ਜ਼ਮੀਨ ਮੱਲੀ ਬੈਠੇ ਹੋ | ਇਹ ਜ਼ਮੀਨ ਹਜ਼ਾਰਾਂ ਗ਼ਰੀਬਾਂ ਦੀਆਂ ਝੌਂਪੜੀਆਂ ਬਣਾਉਣ ਦੇ ਜਾਂ ਅੰਨ ਉਪਜਾਉਣ ਦੇ ਕੰਮ ਆ ਸਕਦੀ ਸੀ | ਜੇ ਕਿਧਰੇ ਕੋਈ ਸਰਕਾਰੀ ਨੋਟਿਸ ਤੁਹਾਨੂੰ ਆ ਗਿਆ ਤਾਂ ਕੀ ਜਵਾਬ ਦਿਉਗੇ? ਫਿਰ ਉਥੇੇ ਕੋਈ ਲਿਹਾਜ ਨਹੀਂ ਕਰਦੇ ਹਨ ਨਾ ਹੀ ਕੋਈ ਸਿਫ਼ਾਰਸ਼ ਚਲਦੀ ਹੈ | ਤੁਸੀਂ ਕੁੜਿੱਕੀ ਵਿਚ ਫਸ ਜਾਵੋਗੇ | ਤੁਹਾਡੇ ਇਹ ਭਗਤ ਤਹਾਡੇ ਘਰਾਂ(ਧਾਰਮਿਕ ਸਥਾਨਾਂ) ਵਿਚ ਤੁਹਾਡੇ ਹੀ ਕਈ ਰੂਪ ਬਣਾ ਕੇ ਆਪਸ ਵਿਚ ਹੀ ਲੜਦੇ ਰਹਿੰਦੇ ਹਨ | ਕੀ ਤੁਸੀਂ ਆਪਣੇ ਇਨ੍ਹਾਂ ਬੱਚਿਆਂ ਨੂੰ ਸਮਝਾ ਨਹੀਂ ਸਕਦੇ ਕਿ ਤੁਸੀਂ ਸਾਰੇ ਭਰਾ ਹੋ | ਭਾਵ 'ਏਕ ਪਿਤਾ ਏਕਸ ਕੇ ਹਮ ਬਾਰਿਕ' ਹੋ | ਫਿਰ ਆਪਸ ਵਿਚ ਵੈਰ ਵਿਰੋਧ ਅਤੇ ਲੜਾਈ ਝਗੜੇ ਕਿਉਂ?
ਰੱਬ ਜੀ ਮੇਰੇ ਸੁਣਨ ਵਿਚ ਇਹ ਵੀ ਆਇਆ ਹੈ ਕਿ ਮਨੁੱਖ ਦੇ ਚੰਗੇ ਮਾੜੇ ਕੰਮਾਂ ਦਾ ਸਾਰਾ ਹਿਸਾਬ ਇੱਥੇ ਇਸ ਜਨਮ ਵਿਚ ਹੀ ਹੋ ਜਾਂਦਾ ਹੈ | ਜੇ ਇਹ ਗੱਲ ਠੀਕ ਹੈ ਤਾਂ ਤੁਸੀਂ ਮਨੁੱਖ ਅਤੇ ਮਨੁੱਖ ਵਿਚ ਵਿਤਕਰਾ ਕਿਉਂ ਕਰਦੇ ਹੋ? ਜਿਵੇਂ ਤੁਸੀਂ ਦੋ ਬੱਚੇ ਇਕੋ ਸਮੇਂ ਧਰਤੀ 'ਤੇ ਭੇਜੇ ਤਾਂ ਇਕ ਨੂੰ ਤਾਂ ਮਜ਼ਦੂਰ ਦੇ ਘਰ ਪੈਦਾ ਕਰ ਦਿੱਤਾ ਜਿਸ ਦੇ ਸਿਰ 'ਤੇ ਤਾਂ ਪਹਿਲਾਂ ਹੀ ਲੱਖਾਂ ਰੁਪਏ ਦਾ ਕਰਜ਼ਾ ਹੈ | ਉਹ ਬੱਚਾ ਸਾਰੀ ਉਮਰ ਹੀ ਪਿਓ ਦਾ ਕਰਜ਼ਾ ਲਾਹੁੰਦਾ ਮਰ ਜਾਂਦਾ ਹੈ | ਉਸ 'ਤੇ ਕੋਈ ਬੁਢਾਪਾ ਜਾਂ ਜਵਾਨੀ ਨਹੀਂ ਆਉਂਦੀ | ਉਹ ਛੋਟੇ ਹੁੰਦੇ ਤੋਂ ਹੀ ਬੁਢਾਪੇ ਵਿਚ ਪੈਰ ਰੱਖਦਾ ਹੈ | ਦੂਜੇ ਪਾਸੇ ਤੁਸੀਂ ਦੂਜੇ ਬੱਚੇ ਨੂੰ ਕਿਸੇ ਧਨਵਾਨ ਸੇਠ ਦੇ ਘਰ ਜਨਮ ਦੇ ਦਿੰਦੇ ਹੋ | ਜੋ ਜੰਮਦਿਆਂ ਹੀ ਕਰੋੜਾਂ ਰੁਪਏ ਦਾ ਮਾਲਕ ਬਣ ਜਾਂਦਾ ਹੈ ਅਤੇ ਸਾਰੀ ਉਮਰ ਐਸ਼ ਕਰਦਾ ਹੈ |
ਇਕ ਗੱਲ ਹੋਰ ਦੱਸੋ ਰੱਬ ਜੀ-ਜਦ ਧਰਤੀ 'ਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ (ਭੁਚਾਲ, ਹੜ੍ਹ ਅਗਨੀ, ਤੁਫ਼ਾਨ, ਸੁਨਾਮੀ ਅਤੇ ਮਹਾਂਮਾਰੀ ਆਦਿ) ਤਾਂ ਹਜ਼ਾਰਾਂ ਬੰਦੇ ਹੀ ਇਕਦਮ ਮਰ ਜਾਂਦੇ ਹਨ | ਇੱਥੇ ਹੀ ਗੱਲ ਨਹੀਂ ਮੁੱਕਦੀ | ਤੁਸੀਂ ਮਨੁੱਖ ਨੂੰ ਉੱਤਮ ਦਿਮਾਗ਼ ਦਿੱਤਾ ਹੈ | ਉਸ ਨੇ ਆਪਣੀ ਹੀ ਨਸਲ ਨੂੰ ਖਤਮ ਕਰਨ ਲਈ ਮਾਰੂ ਹਥਿਆਰ ਅਤੇ ਖਤਰਨਾਕ ਬੰਬ ਬਣਾ ਲਏ ਹਨ | ਇਨ੍ਹਾਂ ਨਾਲ ਸਾਰੀ ਦੁਨੀਆ ਇਕਦਮ ਤਬਾਹ ਹੋ ਸਕਦੀ ਹੈ | ਕੀ ਇਹ ਵੀ ਤੁਹਾਡੀ ਮਰਜ਼ੀ ਨਾਲ ਹੀ ਹੋ ਰਿਹਾ ਹੈ? ਜੇ ਤੁਹਾਡੀ ਹਾਂ ਹੈ ਤਾਂ ਇਹ ਦੱਸੋ ਕਿ ਜੇ ਸਾਰੀ ਦੁਨੀਆ ਹੀ ਖਤਮ ਹੋ ਗਈ ਤਾਂ ਤੁਸੀ ਕੀ ਕਰੋਗੇ? ਕੌਣ ਤੁਹਾਨੂੰ ਰੱਬ ਕਹੇਗਾ? ਇਹ ਤਾਂ ਤੁਹਾਡੇ ਲਈ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਹੈ | ਰੱਬ ਜੀ ਮੇਰੇ ਇਸ ਵਿਚਾਰ 'ਤੇ ਜਰਾ ਗੌਰ ਕਰੋ ਅਤੇ ਇਨ੍ਹਾਂ ਲੋਕਾਂ ਨੂੰ ਕੁਝ ਸੁਮੱਤ ਬਖ਼ਸ਼ੋ ਕਿ ਉਹ ਖ਼ੁਦ ਆਤਮ-ਹੱਤਿਆ ਵਾਲੇ ਰਸਤੇ 'ਤੇ ਨਾ ਪੈਣ | ਤੁਹਾਡੇ ਦਿੱਤੇ ਹੋਏ ਗਿਆਨ ਨੂੰ ਕਿਸੇ ਸਾਰਥਕ ਪਾਸੇ ਲਾਣ |
ਰੱਬ ਜੀ ਇਸ ਤਰ੍ਹਾਂ ਮਨੁੱਖਾਂ ਦੇ ਥੋਕ ਵਿਚ ਮਰਨ ਤੋਂ ਇੰਜ ਲਗਦਾ ਹੈ ਕਿ ਤੁਹਾਡੇ ਦਫ਼ਤਰ ਵਿਚ ਸਟਾਫ਼ ਦੀ ਕਮੀ ਹੈ ਜੋ ਤੁਸੀਂ ਸਾਡੇ ਬਹੁਤ ਸਾਰੇ ਬੰਦੇ ਮਾਰ ਕੇ ਆਪਣੀ ਭਰਤੀ ਕਰ ਰਹੇ ਹੋ ਜਾਂ ਤੁਹਾਡਾ ਸਾਰਾ ਸਟਾਫ਼ ਹੀ ਨਲਾਇਕ ਹੈ ਜਿਸ ਨੂੰ ਠੀਕ ਕੰਮ ਕਰਨਾ ਹੀ ਨਹੀਂ ਆਉਂਦਾ | ਜੇ ਇਹ ਗੱਲ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਪਿਤਾ ਜੀ ਅਕਾਉਂਟੈਂਟ ਸਨ | ਉਨ੍ਹਾਂ ਦਾ ਪੁੱਤਰ ਹੋਣ ਕਰ ਕੇ ਮੈਂ ਵੀ ਹਿਸਾਬ ਵਿਚ ਬਹੁਤ ਹੁਸ਼ਿਆਰ ਹਾਂ | ਤੁਸੀਂ ਮੈਨੂੰ ਬੁਲਾ ਲਉ ਮੈਂ ਆ ਕੇ ਕੁਝ ਦਿਨਾਂ ਵਿਚ ਹੀ ਤੁਹਾਡੇ ਦਫ਼ਤਰ ਦਾ ਸਾਰਾ ਹਿਸਾਬ ਕਿਤਾਬ ਠੀਕ ਕਰ ਦਿਆਂਗਾ | ਰੱਬ ਜੀ ਜੇ ਤੁਸੀਂ ਮੇਰੀ ਨਿਯੁਕਤੀ ਆਪਣੇ ਦਫ਼ਤਰ ਕਰ ਲਈ ਤਾਂ ਬਹੁਤਾ ਰੌਲਾ ਨਾ ਪਾਣਾ, ਨਹੀਂ 'ਤੇ ਐਵੇਂ ਲੋਕੀ ਸਿਫ਼ਾਰਸ਼ਾਂ ਲੈ ਕੇ ਆ ਜਾਣਗੇ | ਬਸ ਮੈਨੂੰ ਸੁੱਤੇ ਨੂੰ ਹੀ ਉਠਾ ਕੇ ਲੈ ਜਾਣਾ | ਨਹੀਂ ਤਾਂ ਮੰਮੀ ਆਉਣ ਨਹੀਂ ਦਏਗੀ |
ਆਪ ਜੀ ਦਾ ਪਿਆਰਾ ਬੱਚਾ
ਸਿਮਰ

#1183 ਫੇਸ-10 ਮੁਹਾਲੀ ਪੰਜਾਬ
ਮੋਬਾਈਲ:-94631-89432
email:gursharan1183@yahoo.in

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਲਘੂ ਕਹਾਣੀ-ਸੂਰਮੇ
Ad Position 24
No active advertisement