ਹਮੇਸ਼ਾ ਵਾਂਗ ਉਸ ਨੇ ਆਪਣਾ ਦਿਨ ਨਿਤਨੇਮ ਨਾਲ ਸ਼ੁਰੂ ਕੀਤਾ ਅਤੇ ਨਾਸ਼ਤਾ ਕਰਨ ਤੋਂ ਬਾਅਦ ਪੰਜਾਂ ਮਿੰਟਾਂ ਵਿਚ ਤਿਆਰ ਹੋ ਕੇ ਹਵਾਈ ਅੱਡੇ ਪਹੁੰਚ ਗਿਆ | 'ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ' ਦੇ ਸਿਧਾਂਤ 'ਤੇ ਚਲਣ ਵਾਲਾ ਮਨਪ੍ਰੀਤ ਸਿੰਘ, ਏਅਰ ਇੰਡੀਆ ਐਕਸਪ੍ਰੈਸ ਦਾ ਪਾਇਲਟ ਇਕ ਵਿਲੱਖਣ ਸ਼ਖਸੀਅਤ ਸੀ |
ਜਹਾਜ਼ ਅੰਦਰ ਪਹੁੰਚਦਿਆਂ ਹੀ ਉਸ ਨੇ ਸਵਾਰੀਆਂ ਨੂੰ ਵੈਲਕਮ ਕਿਹਾ ਤੇ ਜ਼ਰੂਰੀ ਹਿਦਾਇਤਾਂ ਕੁਝ ਇਸ ਤਰੀਕੇ ਨਾਲ ਦਿੱਤੀਆਂ ਕਿ ਪਹਿਲੀ ਵਾਰੀ ਸਫਰ ਕਰ ਰਹੀਆਂ ਸਵਾਰੀਆਂ ਨੂੰ ਇੰਝ ਲੱਗਿਆ ਜਿਵੇਂ ਘਰ ਦਾ ਵੱਡਾ ਸਿਆਣਾ ਉਨ੍ਹਾਂ ਦਾ ਧਿਆਨ ਰੱਖ ਰਿਹਾ ਹੋਵੇ |
ਘਰੋਂ ਦੂਰ ਜਾ ਰਹੇ ਉਦਾਸ ਮਨ ਨਾਲ ਭਰੇ ਹੋਏ ਤੇ ਕੁਝ ਇਕ ਉਮੀਦਾਂ ਮਨ ਵਿਚ ਲਈ ਬੈਠੇ ਯਾਤਰੀ ਸਹਿਜੇ ਹੀ ਖੁਸ਼ ਹੋ ਗਏ |
ਲਗਭਗ ਤਿੰਨ ਘੰਟੇ ਦਾ ਸਮਾਂ ਕਿਹੜੇ ਵੇਲੇ ਖ਼ਤਮ ਹੋ ਗਿਆ ਪਤਾ ਵੀ ਨਾ ਲੱਗਿਆ | ਹੌਲੀ-ਹੌਲੀ ਸਾਰੇ ਯਾਤਰੀ ਜਹਾਜ਼ ਵਿਚੋਂ ਬਾਹਰ ਆ ਗਏ, ਪਰ ਇਕ ਮੁਸਲਮਾਨ ਮਹਿਲਾ ਯਾਤਰੀ ਆਪਣੇ ਹੈਂਡ ਬੈਗ ਨੂੰ ਮੋਢੇ 'ਤੇ ਲਟਕਾ ਕੇ ਹੌਲੇ ਜਿਹੇ ਆਪਣੀ ਸੀਟ 'ਤੇ ਝੁਕੀ ਤੇ ਦੋ ਕਾਗਜ਼ ਦੇ ਪੰਨੇ ਉਥੇ ਛੱਡ ਕੇ ਬਾਹਰ ਆ ਗਈ |
ਜਹਾਜ਼ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਅਚਾਨਕ ਮਨਪ੍ਰੀਤ ਦਾ ਧਿਆਨ ਉਸ ਸੀਟ 'ਤੇ ਪਿਆ ਤੇ ਉਸ ਨੇ ਉਨ੍ਹਾਂ ਦੋਵਾਂ ਪੰਨਿਆਂ ਨੂੰ ਚੱਕਿਆ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ |
ਇਨ੍ਹਾਂ ਪੰਨਿਆਂ 'ਤੇ ਉਸ ਮਹਿਲਾ ਨੇ ਕਾਲੀ ਸਿਆਹੀ ਨਾਲ ਇਕ ਧੰਨਵਾਦ ਨੋਟ ਲਿਖਿਆ ਸੀ ਜਿਸ ਵਿਚ ਉਸ ਨੇ ਮਨਪ੍ਰੀਤ ਸਿੰਘ ਤੇ ਉਸ ਦੇ ਸਹਿਯੋਗੀ ਪਾਇਲਟ ਵਿਕਰਮ ਸਿੰਘ ਦਾ ਤਹਿ-ਦਿਲੋਂ ਧੰਨਵਾਦ ਕੀਤਾ ਸੀ | ਇਸ ਮਹਿਲਾ ਯਾਤਰੀ ਵਲੋਂ ਕੁਝ ਇੰਜ ਲਿਖਿਆ ਗਿਆ ਸੀ, 'ਬੇਸ਼ੱਕ ਲੋਕ ਮਸ਼ਹੂਰ ਲੋਕਾਂ ਦੀ ਵਾਹਵਾਹੀ ਦਾ ਗੁਣਗਾਨ ਕਰਦੇ ਹਨ ਤੇ ਫ਼ਿਲਮਾਂ 'ਚ ਕੰਮ ਕਰਨ ਵਾਲਿਆਂ ਨੂੰ ਹੀਰੋ ਕਹਿੰਦੇ ਹਨ, ਪਰ ਅਸਲੀ ਹੀਰੋ ਤਾਂ ਤੁਸੀਂ ਪਾਇਲਟ ਲੋਕ ਹੋ ਜਿਹੜੇ 30 ਹਜ਼ਾਰ ਫੁੱਟ ਦੀ ਉਚਾਈ 'ਤੇ ਵੀ ਯਾਤਰੀਆਂ ਨੂੰ ਆਪਣੇ ਘਰ ਵਰਗਾ ਮਾਹੌਲ ਦਿੱਤਾ ਤੇ ਸਾਰੇ ਯਾਤਰੀਆਂ ਨੂੰ ਸੁੱਖ-ਸਲਾਮਤੀ ਨਾਲ ਉਨ੍ਹਾਂ ਦੇ ਘਰ ਵਾਲਿਆਂ ਤੱਕ ਸੁਰੱਖਿਅਤ ਪਹੁੰਚਾਇਆ |
'ਕੀ ਲੋਕਾਂ ਨੂੰ ਇਹੋ ਜਿਹੇ ਫਰਿਸ਼ਤਿਆਂ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ, ਸੱਚ-ਮੁੱਚ ਇਹ ਪਾਇਲਟ ਸੂਰਮੇ 'ਹੀਰੋ ਆਫ ਦਾ ਨੇਸ਼ਨ' ਕਹਾਉਣ ਦੇ ਯੋਗ ਹਨ, ਮੈਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ-
ਸਤਿ ਸ੍ਰੀ ਅਕਾਲ
ਇਹ ਨੋਟ ਪੜ੍ਹਦਿਆਂ ਹੀ ਮਨਪ੍ਰੀਤ ਦੀ ਇਹ ਸੋਚ ਹੋਰ ਪੱਕੀ ਹੋ ਗਈ ਕਿ ਫਿਰਕੂ ਤਾਕਤਾਂ ਸੀਮਾਵਾਂ ਬਣਾਉਣ ਦੀ ਕੋਸ਼ਿਸ਼ ਕਰ ਸਕਦੀਆਂ ਹਨ ਪਰ ਜੇ ਤੁਸੀਂ ਤਰਕਸ਼ੀਲਤਾ ਨਾਲ ਸੋਚਦੇ ਹੋ ਤਾਂ ਤੁਹਾਡੀ ਆਤਮਾ ਇਸ ਦੀ ਇਜਾਜ਼ਤ ਨਹੀਂ ਦਿੰਦੀ ਤੇ ਮਨਪ੍ਰੀਤ ਮਨ ਹੀ ਮਨ ਵਿਚ ਬੋਲ ਉੱਠਿਆ '...ਏਕਸ ਕੇ ਹਮ ਬਾਰਿਕ |'
-ਮੋਬਾਈਲ : 98726-56189