ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵਲੋਂ ਸੁਤੰਤਰਤਾ ਸੰਗਰਾਮੀਆਂ ਅਤੇ ਆਸ਼ਰਿਤਾਂ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿਚ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ (ਰਜਿ.196) ਪੰਜਾਬ ਵਲੋਂ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਦੀ ਅਗਵਾਈ ਵਿਚ 15 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਸੁਨਾਮ ਵਿਖੇ ਸ਼ਾਂਤਮਈ ਰੋਸ ਧਰਨਾ ਲਗਾਇਆ ਗਿਆ ਸੀ | ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਲਿਖਤੀ ਤੌਰ 'ਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੇ ਵਿਸ਼ਵਾਸ ਨਾਲ ਸੰਸਥਾ ਨੇ ਅਗਲੇ ਸਮੇਂ ਤੱਕ ਧਰਨਾ ਮੁਲਤਵੀ ਕਰ ਦਿੱਤਾ ਸੀ | ਸ੍ਰੀ ਸ਼ੁਭਾਸ ਚੰਦਰ ਬੋਸ ਜੀ ਦੇ ਜਨਮ ਦਿਹਾੜੇ ਮੌਕੇ ਸੂਬਾ ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹਾ ਇਕਾਈਆਂ ਦੇ ਸਮੂਹ ਅਹੁਦੇਦਾਰਾਂ ਅਤੇ ਸੂਬਾ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਦਿੱਤੇ ਵਿਸ਼ਵਾਸ ਦੇ ਆਧਾਰ 'ਤੇ ਸਾਰੇ ਸੁਤੰਤਰਤਾ ਸੰਗਰਾਮੀ ਅਤੇ ਆਸ਼ਰਿਤ ਗਣਤੰਤਰ ਦਿਵਸ ਮੌਕੇ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਲਈ ਸਮਾਗਮ ਦਾ ਹਿੱਸਾ ਬਣਨਗੇ ਪਰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੇ ਜਾਣ ਵਾਲੇ ਸਨਮਾਨ ਦਾ ਬਾਈਕਾਟ ਕਰਨਗੇ | ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਵਿਚ ਸਾਰੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਨਮਾਨ ਦਾ ਬਾਈਕਾਟ ਕੀਤਾ ਅਤੇ ਸ਼ਾਂਤਮਈ ਤਰੀਕੇ ਨਾਲ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਹੋਏ ਮੁੱਖ ਮਹਿਮਾਨ ਦੇ ਭਾਸ਼ਣ ਦੇਣ ਤੋਂ ਪਹਿਲਾਂ ਪੰਡਾਲ ਵਿਚੋਂ ਸਮੂਹਿਕ ਤੌਰ 'ਤੇ ਬਾਹਰ ਆ ਗਏ | ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਨੇ ਕਿਹਾ ਕਿ ਪੂਰੇ ਸੂਬੇ ਵਿਚ ਸੁਤੰਤਰਤਾ ਸੰਗਰਾਮੀਆਂ ਅਤੇ ਆਸ਼ਰਿਤਾਂ ਨੇ ਸੂਬੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਨਮਾਨ ਦਾ ਬਾਈਕਾਟ ਕੀਤਾ ਹੈ | ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਿਜਦਾ ਕਰਦੇ ਹਾਂ ਅਤੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਹਾਂ | ਉਨ੍ਹਾਂ ਕਿਹਾ ਕਿ ਜੇਕਰ ਲੰਘੇ ਸਮੇਂ ਦੌਰਾਨ ਹੁਣ ਵੀ ਲਾਰੇ ਲਗਾਏ ਗਏ ਤਾਂ ਸੰਸਥਾ ਮੁਲਤਵੀ ਧਰਨੇ ਨੂੰ ਵੱਡੇ ਸੰਘਰਸ਼ ਵਿਚ ਬਦਲਣ ਲਈ ਮਜ਼ਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ, ਮੀਤ ਪ੍ਰਧਾਨ ਜਗਪ੍ਰੀਤ ਸਿੰਘ ਛਾਬੜਾ, ਜਨਰਲ ਸਕੱਤਰ ਬਲਜਿੰਦਰ ਸਿੰਘ ਮਧੀਰ, ਜ਼ਿਲ੍ਹਾ ਖਜ਼ਾਨਚੀ ਕੁਲਵੰਤ ਸਿੰਘ ਭਲਾਈਆਣਾ, ਸਟੇਟ ਬਾਡੀ ਮੈਂਬਰ ਜਸਕਰਨ ਸਿੰਘ ਜੱਸੇਆਣਾ, ਸਕੱਤਰ ਸੁਭਾਸ਼ ਬੱਬਰ, ਦਫ਼ਤਰ ਇੰਚਾਰਜ ਅਮਰਜੀਤ ਸਿੰਘ ਬਾਵਾ, ਪ੍ਰੀਤਮ ਸਿੰਘ ਮੱਲਣ, ਜਗਦੀਸ ਸਿੰਘ, ਗੁਰਭੇਜ ਸਿੰਘ, ਕਿਰਪਾਲ ਸਿੰਘ, ਮੱਖਣ ਸਿੰਘ, ਗੁਰਦਾਸ ਸਿੰਘ, ਰਾਜਿੰਦਰ ਵਰਮਾ, ਬਾਬਾ ਜਸਵਿੰਦਰ ਸਿੰਘ, ਕਰਮਜੀਤ ਕੌਰ, ਮਨਦੀਪ ਕੌਰ, ਬਲਵਿੰਦਰ ਕੌਰ ਬੇਦੀ, ਹਰਜਿੰਦਰ ਕੌਰ ਅਤੇ ਬਲਵਿੰਦਰ ਕੌਰ ਮਿੱਡਾ ਸੁਤੰਤਰਤਾ ਸੰਗਰਾਮੀਆਂ ਦੇ ਆਸ਼ਰਿਤ ਸ਼ਾਮਿਲ ਸਨ |