ਸ੍ਰੀ ਮੁਕਤਸਰ ਸਾਹਿਬ, 28 ਜਨਵਰੀ (ਹਰਮਹਿੰਦਰ ਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਸਪਾਲ ਮੋਂਗਾ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ 'ਚ ਦਾਖ਼ਲੇ ਸੰਬੰਧੀ ਦਾਖ਼ਲਾ ਮੁਹਿੰਮ 2026 ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਤਹਿਤ ਮਿਸਾਲ ਅਤੇ ਦਾਖ਼ਲਾ ਮੁਹਿੰਮ ਵੈਨ ਦਾ ਅੱਜ ਪਿੰਡ ਚੱਕ ਅਟਾਰੀ ਸਦਰਵਾਲਾ ਵਿਖੇ ਪਹੁੰਚਣ 'ਤੇ ਐੱਸ.ਐੱਮ.ਸੀ. ਕਮੇਟੀ ਚੱਕ ਅਟਾਰੀ ਸਦਰਵਾਲਾ ਦੇ ਚੇਅਰਮੈਨ ਸੁਖਜੀਤ ਸਿੰਘ ਅਤੇ ਕਮੇਟੀ ਮੈਬਰਜ਼, ਪਿ੍ੰਸੀਪਲ ਬਸੰਤ ਸਿੰਘ, ਸ੍ਰੀਮਤੀ ਗੀਤਿਕਾ, ਸੁਖਵਿੰਦਰ ਸਿੰਘ, ਰਾਮ ਪ੍ਰਤਾਪ, ਟਵਿੰਦਰ ਕੁਮਾਰ, ਅਰਸ਼ਦੀਪ ਸਿੰਘ, ਪਰਮਜੀਤ ਸਿੰਘ, ਮੋਨਿਕਾ, ਮਮਤਾ, ਕਮਲੇਸ਼ ਰਾਣੀ, ਭੁਪਿੰਦਰ ਕੌਰ, ਚਰਨਜੀਤ ਕੌਰ ਅਤੇ ਸਮੂਹ ਸਟਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ, ਗੁਰਵਿੰਦਰ ਕੌਰ ਐੱਚ.ਟੀ, ਜਸਵਿੰਦਰ ਕੌਰ ਦਾਖ਼ਲਾ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਧਾਈ ਅਤੇ ਵਿਦਿਆਰਥੀਆਂ ਵਲੋਂ ਸਵਾਗਤ ਕੀਤਾ ਗਿਆ | ਇਸ ਮੁਹਿੰਮ ਅਧੀਨ ਮਿਸਾਲ ਅਤੇ ਦਾਖ਼ਲਾ ਮੁਹਿੰਮ ਵੈਨ ਦੀ ਅਗਵਾਈ ਗੁਰਵਿੰਦਰ ਸਿੰਘ, ਰਾਜੀਵ ਕੁਮਾਰ ਪਾਹਵਾ ਅਤੇ ਅਮਨ ਅਰੋੜਾ ਵਲੋਂ ਕੀਤੀ ਗਈ | ਇਸ ਮੌਕੇ ਚੇਅਰਮੈਨ ਸੁਖਜੀਤ ਸਿੰਘ ਅਤੇ ਕਮੇਟੀ ਮੈਂਬਰਜ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਦਿਨ-ਰਾਤ ਉਪਰਾਲੇ ਕੀਤੇ ਜਾ ਰਹੇ ਹਨ | ਸਰਕਾਰ ਦਾ ਮੁੱਖ ਮਨੋਰਥ ਪੰਜਾਬ ਅੰਦਰ ਲੋਕਾਂ ਨੂੰ ਵਧੀਆ ਸਿੱਖਿਆ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ |