ਗਿੱਦੜਬਾਹਾ, 28 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਭਾਰੂ ਚੌਂਕ ਵਿਚ ਰੋਮਾਣਾ ਗਲੀ ਵਾਸੀ ਮੁਹੱਲੇ ਵਿਚ ਬਣੇ ਵਪਾਰਕ ਅਦਾਰਿਆਂ ਤੋਂ ਪ੍ਰੇਸ਼ਾਨ ਹਨ | ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਰਾਹਤ ਦੇਣ ਦੀ ਗ਼ੁਹਾਰ ਲਗਾਈ ਹੈ | ਸੇਵਾ ਮੁਕਤ ਪਟਵਾਰੀ ਬਾਬੂ ਸਿੰਘ, ਨਰਿੰਦਰ ਸਿੰਘ, ਜਗਦੇਵ ਸਿੰਘ, ਸੁਖਜੀਤ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਰਮਨਦੀਪ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ, ਜਲੌਰ ਸਿੰਘ, ਰਜਿੰਦਰ ਕੁਮਾਰ, ਦਰਸ਼ਨ ਸਿੰਘ, ਸੁਖਦੀਪ ਸਿੰਘ, ਜਗਸੀਰ ਸਿੰਘ ਅਤੇ ਸੁਰਿੰਦਰ ਕੁਮਾਰ ਆਦਿ ਸਮੇਤ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਵਪਾਰ ਲਈ ਖੁੱਲੇ੍ਹ ਗੋਦਾਮ ਦੇ ਇਕ ਹਿੱਸੇ ਵਿਚ ਟਾਇਲਾਂ ਸਟੋਰ ਕਰਨ ਅਤੇ ਇਕ ਹਿੱਸਾ ਕਬਾੜ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ | ਇਥੇ ਇਕ ਹੋੋਰ ਫ਼ੈਕਟਰੀ ਚੱਲ ਰਹੀ ਹੈ | ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਗਲੀ ਤੰਗ ਹੈ | ਗਲੀ ਵਿਚ ਵਪਾਰ ਲਈ ਚੱਲ ਰਹੇ ਪ੍ਰਾਜੈਕਟ ਕਾਰਨ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹੈ ਰਿਹਾ ਹੈ | ਅਕਸਰ ਹੀ ਗਲੀ ਵਿਚ ਸਾਰਾ-ਸਾਰਾ ਦਿਨ ਟਰਾਲੇ ਅਤੇ ਹੋਰ ਵੱਡੇ ਵਾਹਨ ਖੜੇ੍ਹ ਰਹਿਣ ਕਾਰਨ ਗਲੀ ਵਾਸੀਆਂ ਨੂੰ ਘਰਾਂ ਵਿਚ ਆਉਣ-ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟਰਾਲੇ ਗਲੀ ਵਿਚ ਲੱਗੇ ਬਿਜਲੀ ਦੇ ਖੰਭੇ ਤੇ ਕੰਧਾਂ ਦਾ ਨੁਕਸਾਨ ਵੀ ਕਰਦੇ ਹਨ | ਇਥੇ ਹੀ ਬੱਸ ਨਹੀਂ, ਵਪਾਰਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਅਕਸਰ ਹੀ ਆਪਸ ਵਿਚ ਗਾਲੀ-ਗਲੋਚ ਅਤੇ ਲੜਾਈ-ਝਗੜਾ ਕਰਦੇ ਰਹਿੰਦੇ ਹਨ, ਜਿਸ ਕਰਕੇ ਦਿਨ ਵੇਲੇ ਵੀ ਬੱਚੇ ਤੇ ਔਰਤਾਂ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ | ਉਨ੍ਹਾਂ ਹਲਕਾ ਮੈਜਿਸਟ੍ਰੇਟ ਨੂੰ ਲਿਖ਼ਤੀ ਦਿੱਤੀ ਦਰਖ਼ਾਸਤ ਵਿਚ ਬਣਦੀ ਕਾਰਵਾਈ ਕਰਦਿਆਂ ਵਪਰਕ ਅਦਾਰਿਆਂ ਨੂੰ ੂ ਰਿਹਾਇਸ਼ੀ ਮੁਹੱਲੇ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ | ਪਟਵਾਰੀ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਮੌਕਾ ਦੇਖ ਕੇ ਉਚ ਅਧਿਕਾਰੀਆਂ ਨੂੰ ਰਿਪੋਰਟ ਦੇ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਉਚ ਅਧਿਕਾਰੀਆਂ ਦੇ ਹੱਥ ਹੈ |