ਮਲੋਟ, 30 ਜਨਵਰੀ (ਅਜਮੇਰ ਸਿੰਘ ਬਰਾੜ)-ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਕੁਨੈਕਸ਼ਨਾਂ ਵਾਲੇ ਟਰਾਂਸਫ਼ਾਰਮਰਾਂ ਵਿਚੋਂ ਤੇਲ, ਤਾਂਬਾ ਤੇ ਹੋਰ ਕੀਮਤੀ ਸਾਮਾਨ ਦਾ ਲਗਾਤਾਰ ਚੋਰੀ ਹੋਣਾ ਜਾਰੀ ਹੈ | ਤਾਜ਼ਾ ਹੋਈਆਂ ਚੋਰੀਆਂ 'ਚ ਪਿੰਡ ਝੋਰੜ ਦੇ ਵਸਨੀਕ ਕਿਸਾਨ ਸੁਖਮੰਦਰ ਸਿੰਘ ਪੁੱਤਰ ਬਖ਼ਤੌਰ ਸਿੰਘ, ਗੁਰਮੇਲ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਨਾਇਬ ਸਿੰਘ ਦੇ ਖੇਤਾਂ 'ਚ ਲੱਗੇ ਵੱਖ-ਵੱਖ ਤਿੰਨ ਟਰਾਂਸਫ਼ਾਰਮਰਾਂ ਵਿਚੋਂ ਕੋਈ ਤਾਂਬਾ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਿਆ | ਉਕਤ ਕਿਸਾਨਾਂ ਨੇ ਇਸ ਸੰਬੰਧੀ ਬਿਜਲੀ ਵਿਭਾਗ ਤੋਂ ਇਲਾਵਾ ਪੁਲਿਸ ਕੋਲ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਕਾਫ਼ੀ ਖ਼ਰਚਾ ਵੀ ਕਰਨਾ ਪੈ ਰਿਹਾ ਹੈ ਅਤੇ ਜਦ ਪਾਣੀ ਦੀ ਲੋੜ ਹੁੰਦੀ ਹੈ ਤਾਂ ਨਹਿਰੀ ਪਾਣੀ ਦੀ ਦਿੱਕਤ ਵੀ ਆ ਰਹੀ ਹੈ | ਪ੍ਰੇਸ਼ਾਨ ਹੋਏ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਚੋਰਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ, ਤਾਂ ਜੋ ਕਿਸਾਨ ਸੁੱਖ ਦਾ ਸਾਹ ਲੈ ਸਕਣ |