• ਅਧਿਆਪਕਾਂ ਦੀ ਗਿਣਤੀ ਜਲਦੀ ਪੂਰੀ ਕਰਨ ਲਈ ਯਤਨ ਕੀਤੇ ਜਾ ਰਹੇ- ਡਾ. ਬਲਜੀਤ ਕੌਰ
ਮਲੋਟ, 25 ਫ਼ਰਵਰੀ (ਅਜਮੇਰ ਸਿੰਘ ਬਰਾੜ)-ਬੇਸ਼ੱਕ ਪੰਜਾਬ ਸਰਕਾਰ ਨੇ ਸੂਬੇ ਵਿਚ ਸਿੱਖਿਆ ਨੀਤੀ ਨੂੰ ਹੋਰ ਮਜ਼ਬੂਤ ਕਰਨ ਦੇ ਦਾਅਵੇ ਕਰਦਿਆਂ ਇਸ ਪਾਸੇ ਵੱਲ ਚੰਗੇ ਕਦਮ ਵੀ ਪੁੱਟੇ, ਪਰ ਅਜੇ ਤੱਕ ਵੀ ਸਕੂਲਾਂ ਵਿਚ ਅਧਿਆਪਕਾਂ ਦੀ ਵੱਡੀ ਘਾਟ ਕਰਕੇ ਜਿੱਥੇ ਖ਼ੁਦ ਅਧਿਆਪਕ ਹੀ ਮੁਸ਼ਕਿਲ ਵਿਚ ਜਾਪਦੇ ਹਨ, ਉੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਵੀ ਸੁਨਹਿਰੀ ਭਵਿੱਖ ਨਹੀਂ ਕਿਹਾ ਜਾ ਸਕਦਾ | ਇਸੇ ਤਰ੍ਹਾਂ ਦੀ ਅਧਿਆਪਕਾਂ ਦੀ ਘਾਟ ਝੱਲ ਰਹੇ ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਅਬੁੱਲਖਰਾਣਾ ਦੇ ਪੰਜਾਬੀ ਲੈਕਚਰਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਇੱਥੇ 19 ਅਧਿਆਪਕ ਹੋਰ ਚਾਹੀਦੇ ਹਨ | ਲੈਕਚਰਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਅਬੁੱਲਖੁਰਾਣਾ ਇਲਾਕੇ ਦਾ ਨਾਮਵਰ ਸਕੂਲ ਹੈ ਅਤੇ ਇਥੇ 30-35 ਪਿੰਡਾਂ ਦੀਆਂ ਲੜਕੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਵਿੱਦਿਆ ਪ੍ਰਾਪਤ ਕਰਦੀਆਂ ਹਨ | ਪਰ ਹੁਣ ਇਨੀ ਦਿਨੀਂ ਅਧਿਆਪਕਾਂ ਦੀ ਵੱਡੀ ਘਾਟ ਚੱਲ ਰਹੇ ਇਸ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ 800 ਤੋਂ ਵੱਧ ਵਿਦਿਆਰਥਣਾਂ ਸਕੂਲ ਵਿਚ ਵਿੱਦਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਮੁੱਖ ਸਟਰੀਮ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੋਂ ਇਲਾਵਾ ਹੋਰ ਵੀ ਲਗਪਗ ਸਾਰੇ ਹੀ ਸਟਰੀਮਾਂ ਵਿਚ ਪੜ੍ਹਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਪਿ੍ੰਸੀਪਲ ਹੀ ਨਹੀਂ ਹੈ | ਅਜਿਹੇ ਵੱਡੇ ਸਕੂਲ ਵਿਚ ਪਿ੍ੰਸੀਪਲ ਦਾ ਨਾ ਹੋਣਾ ਚੰਗੀ ਵਿਦਿਆ ਲਈ ਸ਼ੁਭ ਸੰਕੇਤ ਨਹੀਂ ਹੈ | 19 ਆਸਾਮੀਆਂ ਵਿਚ ਦੋ ਲੈਕਚਰਾਰ ਪੰਜਾਬੀ, ਅੰਗਰੇਜ਼ੀ ਦੇ ਦੋ ਲੈਕਚਰਾਰ, ਕਮਿਸਟਰੀ ਦੇ ਦੋ ਲੈਕਚਰਾਰ ਤੇ ਮਾਸਟਰ ਕਾਡਰ ਵਿਚ ਦੋ ਸਾਇੰਸ, ਦੋ ਐੱਸ.ਐੱਸ.ਟੀ., ਡੀ.ਪੀ., ਪੀ.ਟੀ.ਏ., ਆਰਟ ਕਰਾਫ਼ਟ ਟੀਚਰਾਂ ਤੋਂ ਇਲਾਵਾ ਨਾਨ ਟੀਚਿੰਗ ਸਟਾਫ਼ ਦੀਆਂ ਆਸਾਮੀਆਂ ਵੀ ਖ਼ਾਲੀ ਹਨ | ਇਸ ਕਰਕੇ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਨਲਾਈਨ ਟੀਚਰਾਂ ਦੀ ਬਦਲੀ ਹੋਣ ਕਰਕੇ ਇਕਦਮ ਵੱਡੀ ਗਿਣਤੀ ਵਿਚ ਇਥੋਂ ਅਧਿਆਪਕਾਂ ਦੀ ਬਦਲੀ ਹੋ ਗਈ |
ਉਨ੍ਹਾਂ ਮੰਨਿਆ ਕਿ ਉਧਰ ਇਮਤਿਹਾਨ ਸਿਰ 'ਤੇ ਹੋਣ ਕਰਕੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ, ਪਰ ਫ਼ਿਰ ਵੀ ਉਹ ਜਿੰਨੇ ਕੁ ਅਧਿਆਪਕ ਹਨ, ਉਹ ਖ਼ੁਦ ਸਮੇਂ ਦੀ ਵੰਡ ਕਰਕੇ ਬੱਚਿਆਂ ਨੂੰ ਪੜ੍ਹਾਉਣ ਦੇ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਕਾਫ਼ੀ ਹੈ | ਉਧਰ ਹਲਕੇ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਸੰਬੰਧੀ ਕਿਹਾ ਕਿ ਉਹ ਇਸ ਬਾਰੇ ਸਕੂਲ ਦੇ ਅਧਿਆਪਕਾਂ ਨੂੰ ਮਿਲ ਕੇ ਵੀ ਆਏ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੋਰਟਲ 'ਤੇ ਅਪਲਾਈ ਕਰਨ ਕਰਕੇ ਮੈਰਿਟ ਦੇ ਆਧਾਰ 'ਤੇ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ | ਇਸ ਕਰਕੇ ਇਸ ਸਕੂਲ ਵਿਚੋਂ ਇਕਦਮ ਅਧਿਆਪਕ ਬਦਲੀ ਕਰਵਾ ਗਏ, ਪਰ ਫ਼ਿਰ ਵੀ ਇਸ ਸਕੂਲ ਵਿਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਕੇ ਵਿਦਿਆਰਥਣਾਂ ਦੀ ਪੜ੍ਹਾਈ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ ਅਤੇ ਜਲਦ ਹੀ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਜਾਵੇਗੀ |
<br/>
ਸਕੂਲ ਆਫ਼ ਐਮੀਨੈਂਸ (ਕੰਨਿਆ) ਅਬੁੱਲਖੁਰਾਣਾ ਵਿਖੇ ਅਧਿਆਪਕਾਂ ਦੀ ਵੱਡੀ ਘਾਟ
ਅਜੀਤ ਡੈਸਕ
26-02-2026