ਗਿੱਦੜਬਾਹਾ, 25 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ 'ਚ ਲੰਮੇ ਸਮੇਂ ਤੋਂ ਟ੍ਰੈਫ਼ਿਕ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ | ਸ਼ਹਿਰ ਅੰਦਰ ਬੇਲਗਾਮ ਚਲਦੇ ਈ-ਰਿਕਸ਼ੇ ਅਤੇ ਨਾਜਾਇਜ਼ ਕਬਜ਼ੇ ਟ੍ਰੈਫ਼ਿਕ ਵਿਚ ਵੱਡਾ ਅੜਿੱਕਾ ਬਣੇ ਹੋਏ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਕਿਸੇ ਸਮੇਂ ਖੁੱਲੇ੍ਹ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ | ਹੌਲੀ-ਹੌਲੀ ਸ਼ਹਿਰ ਅੰਦਰ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੀਆਂ ਸੜਕਾਂ ਸੁੰਗੜਦੀਆਂ ਜਾ ਰਹੀਆਂ ਹਨ | ਇਥੇ ਹੀ ਬੱਸ ਨਹੀਂ, ਰਹਿੰਦੀ ਕਸਰ ਈ-ਰਿਕਸ਼ਾ ਵਾਲਿਆਂ ਨੇ ਕੱਢ ਦਿੱਤੀ ਹੈ | ਹਰਲ-ਹਰਲ ਕਰਦੇ ਈ-ਰਿਕਸ਼ਾ ਵਾਲਿਆਂ ਨਾਲ ਸੜਕਾਂ 'ਤੇ ਭੀੜ ਬਣੀ ਰਹਿੰਦੀ ਹੈ | ਤਿੰਨ-ਤਿੰਨ ਚਾਰ-ਚਾਰ ਦੇ ਝੁੰਡਾਂ ਵਿਚ ਖ਼ਾਲੀ ਹੀ ਬਾਜ਼ਾਰਾਂ ਵਿਚ ਘੁੰਮਦੇ ਹਨ | ਇਨ੍ਹਾਂ ਕੋਲ ਕੋਈ ਰਜਿਸਟ੍ਰੇਸ਼ਨ ਨਹੀਂ, ਨਾ ਹੀ ਡਰਾਇਵਰੀ ਲਾਇਸੰਸ ਅਤੇ ਨਾ ਹੀ ਟ੍ਰੈਫ਼ਿਕ ਨਿਯਮਾਂ ਦੀ ਸਮਝ ਹੈ | ਸ਼ਹਿਰ ਦੀ ਸਰਕੂਲਰ ਰੋਡ ਤੋਂ ਇਲਾਵਾ ਸ਼ਹਿਰ ਦੇ ਦੋ ਹੀ ਮੁੱਖ ਬਾਜ਼ਾਰ ਹਨ ਅਤੇ ਕਈ ਥਾਵਾਂ 'ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ 10 ਤੋਂ 12 ਫ਼ੁੱਟ ਨਾਜਾਇਜ਼ ਕਬਜ਼ੇ ਕਰਕੇ ਆਪਣਾ ਸਾਮਾਨ ਰੱਖਿਆ ਹੋਇਆ ਹੈ, ਪ੍ਰੰਤੂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾ ਤਾਂ ਈ-ਰਿਕਸ਼ਾ ਵਾਲਿਆਂ ਨੂੰ ਸ਼ਹਿਰ ਅੰਦਰ ਸਹੀ ਮਾਰਗ 'ਤੇ ਚੱਲਣ ਲਈ ਸਖ਼ਤੀ ਕਰਦਾ ਹੈ ਅਤੇ ਨਾ ਹੀ ਦੁਕਾਨਦਾਰਾਂ ਨੂੰ ੂ ਨਾਜਾਇਜ਼ ਕਬਜ਼ੇ ਕਰਨ ਤੋਂ ਰੋਕਦਾ ਹੈ | ਦੁਖਦਾਈ ਪਹਿਲੂ ਇਹ ਹੈ ਕਿ ਕੁਝ ਸਮਾਂ ਪਹਿਲਾਂ ਸੂਆ ਰੋਡ 'ਤੇ ਜੰਗਲਾਤ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ, ਤਾਂ ਚਰਚਾ ਇਹ ਹੈ ਕਿ ਉਕਤ ਅਫ਼ਸਰ ਦੀ ਬਦਲੀ ਕਈ ਮੀਲ ਦੂਰ ਕਰ ਦਿੱਤੀ ਗਈ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਠੰਡੇ ਬਸਤੇ ਵਿਚ ਪੈ ਗਈ | ਕੁਝ ਦਿਨ ਪਹਿਲਾਂ ਪੁਲਿਸ ਵਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣੇ ਈ-ਰਿਕਸ਼ਾ ਉਪਰ ਨੰਬਰ ਲਗਾਉਣ ਲਈ ਕਿਹਾ ਗਿਆ ਹੈ, ਪ੍ਰੰਤੂ ਆਮ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਟ੍ਰੈਫ਼ਿਕ ਸਮੱਸਿਆ ਨੂੰ ਦੂਰ ਨਹੀਂ ਕੀਤਾ ਜਾ ਸਕਦਾ | ਬਾਹਰਲੇ ਪਿੰਡਾਂ ਤੋਂ ਖ਼ਰੀਦੋ-ਫ਼ਰੋਖ਼ਤ ਕਰਨ ਲਈ ਆ ਰਹੇ ਆਮ ਲੋਕਾਂ ਨੂੰ ਆਪਣੇ ਵਾਹਨ ਖੜੇ੍ਹ ਕਰਨ ਵਿਚ ਵੱਡੀ ਸਮੱਸਿਆ ਆ ਰਹੀ ਹੈ, ਕਿਉਂਕਿ ਜੇਕਰ ਸੜਕ 'ਤੇ ਵਾਹਨ ਖੜ੍ਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਚਲਾਨ ਭੁਗਤਣ ਲਈ ਤਿਆਰ ਰਹਿਣਾ ਪੈਂਦਾ ਹੈ | ਆਮ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਈ-ਰਿਕਸ਼ਾ ਵਾਲਿਆਂ ਨੂੰ ਸ਼ਹਿਰ ਤੋਂ ਬਾਹਰ ਸਰਕੂਲਰ ਰੋਡ 'ਤੇ ਚੱਲਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾਣੇ |