ਗਿੱਦੜਬਾਹਾ, 26 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਲਾਪ੍ਰਵਾਹੀ ਨਾਲ ਟਰੈਕਟਰ-ਟਰਾਲਾ ਚਲਾ ਕੇ ਹਾਦਸਾ ਕਰਨ ਦੇ ਮਾਮਲੇ ਵਿਚ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਅਰਜਨ ਸਿੰਘ ਪੁੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਥੇੜ੍ਹੀ ਨੇ ਦੱਸਿਆ ਕਿ 24 ਫ਼ਰਵਰੀ ਨੂੰ ਉਹ ਆਪਣੇ ਦੋਸਤਾਂ ਤਰਸੇਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਥੇੜ੍ਹੀ ਅਤੇ ਕਰਨਵੀਰ ਸਿੰਘ ਉਰਫ਼ ਬੀਰਾ ਪੁੱਤਰ ਸ਼ੇਰ ਸਿੰਘ ਵਾਸੀ ਧੌਲੀਪਾਲ (ਰਾਜਸਥਾਨ) ਨਾਲ ਤਰਸੇਮ ਸਿੰਘ ਦੇ ਮੋਟਰਸਾਈਕਲ ਨੰਬਰ ਪੀ.ਬੀ. 60ਈ-4484 ਮਾਰਕਾ ਸਪਲੈਂਡਰ ਰਾਹੀਂ ਕੰਮਕਾਜ ਦੇ ਸੰਬੰਧ ਵਿਚ ਭਾਰੂ ਚੌਂਕ ਗਿੱਦੜਬਾਹਾ ਵਿਖੇ ਆਏ ਸਨ ਅਤੇ ਜਦੋਂ ਕੰਮਕਾਜ ਖ਼ਤਮ ਕਰਕੇ ਉਹ ਤਿੰਨੋਂ ਉਕਤ ਮੋਟਰਸਾਈਕਲ ਰਾਹੀਂ ਪਿੰਡ ਥੇੜ੍ਹੀ ਨੂੰ ਜਾ ਰਹੇ ਸਨ, ਤਾਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਬਠਿੰਡਾ ਮਲੋਟ ਰੋਡ 'ਤੇ ਸਥਿਤ ਰਿਹਾਇਸ਼ ਦੇ ਸਾਹਮਣੇ ਬਣੇ ਪੁਲ ਦੇ ਹੇਠਾਂ ਤੋਂ ਇਕ ਟਰੈਕਟਰ-ਟਰਾਲਾ ਮਾਰਕਾ ਸੋਨਾਲੀਕਾ ਜਿਸ ਨੂੰ ਰਾਜਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਧੀਰ ਚਲਾ ਰਿਹਾ ਸੀ, ਨੇ ਤੇਜ਼ ਰਫ਼ਤਾਰ ਤੇ ਅਣਗਹਿਲੀ ਨਾਲ ਗ਼ਲਤ ਸਾਈਡ ਤੋਂ ਲਿਆ ਕੇ ਉਨ੍ਹਾਂ ਦੇ ਮੋਟਰਸਾਈਕਲ 'ਚ ਮਾਰਿਆ, ਜਿਸ ਨਾਲ ਉਨ੍ਹਾਂ ਤਿੰਨਾਂ ਦੇ ਗੰਭੀਰ ਸੱਟਾਂ ਲੱਗੀਆਂ | ਤਿੰਨਾਂ ਨੂੰ ਇਕ ਵਿਅਕਤੀ ਵਲੋਂ ਇਲਾਜ ਲਈ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਏਮਜ ਹਸਪਤਾਲ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ, ਜਿੱਥੇ ਤਰਸੇਮ ਸਿੰਘ ਜੋ ਮੋਟਰਸਾਈਕਲ ਚਲਾ ਰਿਹਾ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ | ਉਕਤ ਮਾਮਲੇ ਵਿਚ ਥਾਣਾ ਗਿੱਦੜਬਾਹਾ ਪੁਲਿਸ ਨੇ ਅਰਜਨ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਟਰੈਕਟਰ-ਟਰਾਲਾ ਚਾਲਕ ਰਾਜਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਧੀਰ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |