ਮਲੋਟ, 26 ਫ਼ਰਵਰੀ (ਅਜਮੇਰ ਸਿੰਘ ਬਰਾੜ)-ਪਿੰਡ ਮਲੋਟ ਦੇ ਕਿਸਾਨ ਯਾਦਵਿੰਦਰ ਸਿੰਘ ਪੁੱਤਰ ਜਲੌਰ ਸਿੰਘ ਮਾਨ (ਭਗਵਾਨਪੁਰਾ) ਦੇ ਖੇਤ ਵਿਚ ਉਸ ਦੇ ਫਰਾਂਸਫ਼ਾਰਮਰ ਦੀ ਭੰਨਤੋੜ ਕਰਨ ਤੋਂ ਇਲਾਵਾ ਚੋਰ ਉਸ ਵਿਚਲਾ ਤੇਲ ਤੇ ਹੋਰ ਕੀਮਤੀ ਸਾਮਾਨ ਵੀ ਕੱਢ ਕੇ ਲੈ ਗਏ | ਇਸੇ ਤਰ੍ਹਾਂ ਦੀ ਇਕ ਹੋਰ ਚੋਰੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਸਰਾਵਾਂ ਬੋਦਲਾ ਢਾਣੀ ਦੇ ਵਸਨੀਕ ਧਰਮਿੰਦਰ ਸਿੰਘ ਪੁੱਤਰ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚੋਂ ਚੋਰ ਚੌਥੀ ਵਾਰ ਟਰਾਂਸਫ਼ਾਰਮਰ ਦੀ ਭੰਨਤੋੜ ਕਰਨ ਤੋਂ ਇਲਾਵਾ ਤੇਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ | ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਰਸ਼ਪਾਲ ਸਿੰਘ ਪੁੱਤਰ ਬਹਾਲ ਸਿੰਘ ਰਕਬਾ ਪਿੰਡ ਕੱਟਿਆਂਵਾਲੀ ਵਾਸੀ ਢਾਣੀ ਸਰਾਵਾਂ ਬੋਦਲਾ ਦੇ ਟਰਾਂਸਫ਼ਾਰਮਰ 'ਚੋਂ ਚੋਰ ਰਾਤ ਨੂੰ ਜਿੱਥੇ ਟਰਾਂਸਫ਼ਾਰਮਰ ਦੀ ਭੰਨਤੋੜ ਕਰ ਗਏ, ਉੱਥੇ ਟਰਾਂਸਫ਼ਾਰਮਰ ਦਾ ਬੁਸ਼ ਤੋੜ ਕੇ ਤੇਲ ਚੋਰੀ ਕਰ ਗਏ ਅਤੇ ਅਖ਼ੀਰ ਟਰਾਂਸਫ਼ਾਰਮਰ ਵੀ ਲੈ ਗਏ | ਕਿਸਾਨ ਯਾਦਵਿੰਦਰ ਸਿੰਘ ਤੇ ਕਿਸਾਨ ਧਰਮਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਦਫ਼ਤਰਾਂ ਦੇ ਗੇੜੇ ਵੀ ਕੱਢਣੇ ਪੈ ਰਹੇ ਹਨ, ਕਿਉਂਕਿ ਨਵਾਂ ਟਰਾਂਸਫ਼ਾਰਮਰ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਵਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ਲਈ ਥਾਣੇ ਤੋਂ ਇਲਾਵਾ ਖ਼ੁਦ ਪਾਵਰਕਾਮ ਦੇ ਦਫ਼ਤਰ ਵਲੋਂ ਵੀ ਰਿਪੋਰਟ ਬਣਾਈ ਜਾਂਦੀ ਹੈ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਦੇਣ ਲਈ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਦੀ ਚੋਰੀ ਰੋਕੀ ਜਾਵੇ ਅਤੇ ਜੇਕਰ ਕਦੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਵੀ ਹੈ ਤਾਂ ਇਸ ਵਿਧੀ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਖ਼ੱਜਲ-ਖ਼ੁਆਰੀ ਨਾ ਝੱਲਣੀ ਪਵੇ |