ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਮਾਮਲੇ 'ਚ ਦੋ ਜਣਿਆਂ ਨੂੰ 14 ਤੇ 7 ਸਾਲ ਦੀ ਸਜ਼ਾ
ਅਜੀਤ ਡੈਸਕ
04-03-2026
ਡੱਬਵਾਲੀ, 3 ਮਾਰਚ (ਇਕਬਾਲ ਸਿੰਘ ਸ਼ਾਂਤ)-ਲਗਭਗ ਤਿੰਨ ਸਾਲ ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਤੇ ਗਹਿਣੇ ਹੜੱਪਣ ਦੇ ਗੰਭੀਰ ਮਾਮਲੇ 'ਚ ਫਾਸਟ ਟਰੈਕ ਸਪੈਸ਼ਲ ਅਦਾਲਤ ਨੇ 2 ਵਿਅਕਤੀਆਂ ਨੂੰ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਫ਼ੈਸਲੇ 'ਚ ਦੋਵਾਂ ਮੁਜ਼ਰਮਾਂ ਨੂੰ ਕੁੱਲ 1.54 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜਿਸ 'ਚੋਂ ਇਕ ਲੱਖ ਰੁਪਏ ਪੀੜਤਾ ਨੂੰ ਬਤੌਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ | ਫਾਸਟ ਟਰੈਕ ਸਪੈਸ਼ਲ ਕੋਰਟ ਦੇ ਜੱਜ ਡਾ. ਨਰੇਸ਼ ਕੁਮਾਰ ਸਿੰਘਲ ਨੇ ਡੱਬਵਾਲੀ ਖੇਤਰ ਦੇ ਪਿੰਡ ਰੱਤਾਖੇੜਾ ਵਾਸੀ ਰਾਜੇਸ਼ ਕੁਮਾਰ ਨੂੰ 14 ਸਾਲ ਦੀ ਸਖ਼ਤ ਸਜ਼ਾ ਤੇ 1.27 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ | ਇਸੇ ਤਰ੍ਹਾਂ ਪਿੰਡ ਮੁੰਨਾਵਾਸੀ ਵਾਸੀ ਰਣਵੀਰ ਸਿੰਘ ਨੂੰ 7 ਸਾਲ ਦੀ ਸਖ਼ਤ ਸਜ਼ਾ ਤੇ 27 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ | ਮਾਮਲੇ 'ਚ ਪੀੜਤਾ ਨੇ 6 ਦਸੰਬਰ 2021 ਨੂੰ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਰਾਜੇਸ਼ ਕੁਮਾਰ ਉਸ ਦੇ ਨਾਲ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ | 4 ਜੁਲਾਈ 2021 ਨੂੰ ਉਹ ਆਪਣੇ ਸਾਥੀ ਰਣਵੀਰ ਸਿੰਘ ਦੇ ਨਾਲ ਉਸ ਦੇ ਘਰ ਆਇਆ ਤੇ ਬਹਾਨੇ ਨਾਲ ਸੋਨੇ ਦੇ ਗਹਿਣੇ ਲੈ ਗਿਆ | ਦੋਸ਼ ਹੈ ਕਿ ਉਸੇ ਦਿਨ ਦੋਵਾਂ ਨੇ ਉਸ ਦੇ ਨਾਲ ਜਬਰ-ਜਨਾਹ ਵੀ ਕੀਤਾ |ਸ਼ਿਕਾਇਤ ਅਨੁਸਾਰ ਰਾਜੇਸ਼ ਨੇ ਵਿਆਹ ਦਾ ਝਾਂਸਾ ਦੇ ਕੇ ਸੰਬੰਧ ਲਗਾਤਾਰ ਬਰਕਰਾਰ ਰੱਖੇ, ਪਰ ਬਾਅਦ 'ਚ ਵਿਆਹ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਗਹਿਣੇ ਵਾਪਸ ਕਰਨ ਤੋਂ ਵੀ ਮੁੱਕਰ ਗਿਆ | ਡੱਬਵਾਲੀ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਮੁਤਾਬਕ ਮਹਿਲਾ ਥਾਣਾ ਡੱਬਵਾਲੀ ਨੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਆਰੰਭੀ ਸੀ | 23 ਦਸੰਬਰ 2021 ਨੂੰ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ | ਸੁਣਵਾਈ ਦੌਰਾਨ 23 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ |