ਮਲੋਟ, 7 ਮਾਰਚ (ਪਾਟਿਲ)-ਸ੍ਰੀ ਰਾਮਨੌਮੀ ਸਮੂਹਿਕ ਤੌਰ 'ਤੇ ਮਨਾਉਣ ਸੰਬੰਧੀ ਨਗਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਹੋਈ ਸਾਂਝੀ ਮੀਟਿੰਗ ਵਿਚ ਇਸ ਵਾਰ ਮਹਾਵੀਰ ਗਊਸ਼ਾਲਾ ਤੋਂ ਸ਼ੋਭਾ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ, ਜਦਕਿ ਸੰਕੀਰਤਨ ਤੇ ਸਨਮਾਨ ਸਮਾਰੋਹ ਜੈ ਮਾਂ ਅਸ਼ਟਭੁਜੀ ਭਵਾਨੀ ਦੇਵੀ ਮੰਦਰ ਵਿਖੇ ਹੋਵੇਗਾ | ਮਲੋਟ ਵਿਖੇ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੁਆਰਾ ਰਾਮਨੌਮੀ ਉਤਸਵ ਸਾਂਝੇ ਤੌਰ 'ਤੇ ਮਨਾਇਆ ਜਾਂਦਾ ਹੈ | ਇਸ ਵਾਰ ਵੀ ਸ੍ਰੀ ਰਾਮਨੌਮੀ ਦਾ ਤਿਉਹਾਰ ਸਮੂਹਿਕ ਤੌਰ 'ਤੇ ਮਨਾਉਣ ਲਈ ਲੰਘੀ ਰਾਤ ਨੂੰ ਨਗਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਮੀਟਿੰਗ ਝਾਂਬ ਗੈਸਟ ਹਾਊਸ ਵਿਖੇ ਹੋਈ | ਜਾਣਕਾਰੀ ਦਿੰਦਿਆਂ ਅਰਵਿੰਦ ਸ਼ਰਮਾ ਤੇ ਅਨਿਲ ਬਠਲਾ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਰਾਮਨੌਮੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਮਹਾਵੀਰ ਗਊਸ਼ਾਲਾ ਤੋਂ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ 25 ਮਾਰਚ ਨੂੰ ਗਊਸ਼ਾਲਾ ਤੋਂ ਸ਼ੁਰੂ ਹੋਵੇਗੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਹੁੰਦੀ ਹੋਈ ਵਾਪਸ ਗਊਸ਼ਾਲਾ ਪੁੱਜੇਗੀ | ਉਨ੍ਹਾਂ ਦੱਸਿਆ ਕਿ ਇਸ ਵਾਰ ਸੰਕੀਰਤਨ ਤੇ ਸਨਮਾਨ ਸਮਾਰੋਹ ਜੈ ਮਾਂ ਅਸ਼ਟਭੁਜੀ ਭਵਾਨੀ ਦੇਵੀ ਮੰਦਰ ਨੇੜੇ ਫਾਈਰ ਬਿ੍ਗੇਡ ਮਲੋਟ ਵਿਖੇ 27 ਮਾਰਚ ਨੂੰ ਹੋਵੇਗਾ |