ਬਰਗਾੜੀ, 7 ਮਾਰਚ (ਲਖਵਿੰਦਰ ਸ਼ਰਮਾ)-ਬਹਿਬਲ ਇਨਸਾਫ਼ ਮੋਰਚਾ ਦੇ ਆਗੂ ਭਾਈ ਸੁਖਰਾਜ ਸਿੰਘ ਖ਼ਾਲਸਾ, ਭਾਈ ਸੁਖਜੀਤ ਸਿੰਘ ਖੋਸਾ ਆਦਿ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਹਿਤ ਮਰਿਯਾਦਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਅਤੇ ਗੁਰੂ ਦੀ ਗੋਲਕ ਦਸਵੰਧ ਸਬੰਧੀ ਕੀਤੀਆਂ ਇਤਰਾਜਯੋਗ ਟਿੱਪਣੀਆਂ ਅਤੇ ਵੀਂਹਵੀ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਇਤਰਾਜਯੋਗ ਹਰਕਤਾਂ ਕਰਨ ਸਬੰਧੀ ਸ਼ਪਸਟੀਕਰਨ ਲੈਣ ਲਈ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ 15 ਜਨਵਰੀ 2026 ਨੂੰ ਬੁਲਾਇਆ ਗਿਆ ਸੀ | ਇਸ ਦਿਨ ਭਗਵੰਤ ਮਾਨ ਨੇ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਆਪਣਾ ਸ਼ਪਸਟੀਕਰਨ ਦਿੱਤਾ ਅਤੇ ਕਾਲੇ ਬੈਗ ਵਿਚ ਕੁਝ ਦਸਤਾਵੇਜ ਵੀ ਦਿੱਤੇ | ਉਸ ਤੋਂ ਬਾਅਦ ਅਜੇ ਤੱਕ ਅਗਲੀ ਪੇਸ਼ੀ ਕਿਉਂ ਨਹੀਂ ਪਾਈ ਗਈ | ਕੋਈ ਦੋਸ਼ ਸਾਬਿਤ ਹੋਇਆ ਤਾਂ ਸੰਗਤ ਨੂੰ ਕਿਉਂ ਨਹੀਂ ਦੱਸਿਆ ਗਿਆ | ਕੋਈ ਵਿਭਾਗੀ ਜਾਂ ਕਾਨੂੰਨੀ ਸਜ਼ਾ ਕੀ ਦਿੱਤੀ ਗਈ | ਇਸ ਮਸਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗਿਆਨੀ ਗੜਗੱਜ ਦੋਨੋਂ ਚੁੱਪ ਕਿਉਂ ਹਨ | ਭਗਵੰਤ ਮਾਨ ਵਲੋਂ ਦਿੱਤੇ ਕਾਲੇ ਬੈਗ ਦੇ ਦਸਤਾਵੇਜ ਜੇਕਰ ਸੱਚੇ ਜਾਂ ਝੂਠੇ ਹਨ ਤਾਂ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ | ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਕੋਈ ਸੰਧੀ ਹੋਈ ਹੈ ਤਾਂ ਇਹ ਗੁਰੂ ਦੀ ਸੰਗਤ ਨਾਲ ਧੋਖਾ ਹੈ ਅਤੇ ਇਹ ਜਥੇਦਾਰ ਸਾਹਿਬ ਅਤੇ ਮੁੱਖ ਮੰਤਰੀ ਦੇ ਅਹੁਦੇ ਦੀ ਤੌਹੀਨ ਹੈ | ਸੰਗਤ ਵਲੋਂ ਇੰਨ੍ਹਾਂ ਦੋਨਾਂ ਸ਼ਖ਼ਸੀਅਤਾਂ ਨੂੰ 3 ਮਾਰਚ ਨੂੰ 72 ਘੰਟਿਆਂ ਦਾ ਸਮਾਂ ਦੇ ਕੇ ਇਸ ਸਬੰਧੀ ਸ਼ਪਸਟੀਕਰਨ ਮੰਗਿਆ ਸੀ ਪ੍ਰੰਤੂ ਕਿਸੇ ਨੇ ਵੀ ਇਸ ਸਮੇਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਕੋਈ ਜਵਾਬ ਨਹੀਂ ਦਿੱਤਾ | ਸਿੱਖ ਸੰਗਤ ਵਲੋਂ ਕਾਲੇ ਬੈਗ ਦਾ ਸੱਚ ਪੁੱਛਣ ਲਈ 14 ਮਾਰਚ ਨੂੰ ਚੰਡੀਗੜ੍ਹ ਵਿਖੇ ਭਗਵੰਤ ਮਾਨ ਦੇ ਘਰ ਵੱਲ ਕੂਚ ਕੀਤਾ ਜਾਵੇਗਾ | ਇਸ ਮਾਰਚ 'ਚ ਸਿੱਖ ਸਦਭਾਵਨਾ ਦਲ, ਕਿਸਾਨ ਯੂਨੀਅਨ ਫ਼ਤਿਹ, ਸਿੱਖ ਪ੍ਰਚਾਰਕ, ਸਿੱਖ ਜਥੇਬੰਦੀਆਂ ਆਦਿ ਦੇ ਆਗੂ ਵੀ ਭਾਗ ਲੈਣਗੇ |