ਮਲੋਟ, 2 ਅਪ੍ਰੈਲ (ਪਾਟਿਲ)-ਬੀਤੇ ਦਿਨੀਂ ਵੱਖ-ਵੱਖ ਪਿੰਡਾਂ ਬੋਦੀਵਾਲਾ, ਆਲਮਵਾਲਾ, ਰਾਣੀਵਾਲਾ, ਅਸਪਾਲਾਂ, ਸਰਾਵਾਂ ਬੋਦਲਾਂ, ਕੱਟਿਆਂਵਾਲੀ, ਕਬਰਵਾਲਾ ਆਦਿ ਵਿਚ ਹੋਈ ਗੜੇ੍ਹਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਤੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਪਿੰਡਾਂ ਵਿਚ ਪਹੁੰਚੇ | ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ 70 ਤੋਂ ਲੈ ਕੇ 100 ਫ਼ੀਸਦੀ ਤੱਕ ਫ਼ਸਲਾਂ ਨਸ਼ਟ ਹੋ ਗਈਆਂ ਹਨ | ਪਸ਼ੂਆਂ ਲਈ ਹਰਾ ਚਾਰਾ ਤੱਕ ਵੀ ਨਹੀਂ ਬਚਿਆ | ਪਹਿਲਾਂ ਵੀ ਇਨ੍ਹਾਂ ਪਿੰਡਾਂ 'ਚ 2022 ਵਿਚ ਨਰਮੇ ਦੀ ਫ਼ਸਲ ਮਾਰੀ ਗਈ ਤੇ ਝੋਨੇ ਦੀ ਫ਼ਸਲ ਵੀ ਬਰਬਾਦ ਹੋ ਗਈ ਸੀ | ਉਦੋਂ ਵੀ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ | ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਤੁਰੰਤ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ 2022 ਦੀਆਂ ਫ਼ਸਲਾਂ ਦਾ ਰਹਿੰਦਾ ਖ਼ਰਾਬਾ ਵੀ ਦਿੱਤਾ ਜਾਵੇ | ਸਾਉਣੀ ਦੀ ਫ਼ਸਲ ਲਈ ਡੀ.ਏ.ਪੀ. ਤੇ ਯੂਰੀਆ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਾਈ ਜਾਵੇ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਸੁਸਾਇਟੀ ਅਤੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰੇ |